ਫ਼ਤਹਿਗੜ੍ਹ ਸਾਹਿਬ, 5 ਫਰਵਰੀ (ਬਲਜਿੰਦਰ ਸਿੰਘ)-ਗੌਰਮਿੰਟ ਰੇਲਵੇ ਪੁਲਿਸ ਸਰਹਿੰਦ ਵਲੋਂ ਰੇਲਵੇ ਸਟੇਸ਼ਨ ਪਲੇਟ ਫਾਰਮ ਤੋਂ ਇਕ ਪ੍ਰਵਾਸੀ ਵਿਅਕਤੀ ਨੂੰ ਇਕ ਕਿੱਲੋਗਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਗੌਰਮਿੰਟ ਰੇਲਵੇ ਪੁਲਿਸ ਥਾਣਾ ਸਰਹਿੰਦ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਸਪੈਸ਼ਲ ਡੀ.ਜੀ.ਪੀ ਰੇਲਵੇ ਸ਼ਸ਼ੀ ਪ੍ਰਭਾ ਦਿਵੇਦੀ ਦੇ ਦਿਸ਼ਾ ਨਿਰਦੇਸ਼ ਅਤੇ ਥਾਣਾ ਸਰਹਿੰਦ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਜੀ.ਆਰ.ਪੀ ਦੀ ਪੁਲਿਸ ਪਾਰਟੀ ਭੈੜੇ ਅਨਸਰਾਂ ਖ਼ਿਲਾਫ਼ ਅਰੰਭੀ ਮੁਹਿੰਮ ਤਹਿਤ ਰੇਲਵੇ ਪਲੇਟ ਫਾਰਮ 'ਤੇ ਗਸ਼ਤ ਤੇ ਚੈਕਿੰਗ ਕਰ ਰਹੀ ਸੀ ਜਿਸ ਦੌਰਾਨ ਪਲੇਟ ਫਾਰਮ ਨੰਬਰ 1 ਪੂਰਬੀ ਸਿਰਾ ਨੇੜੇ ਸਾਈਨ ਬੋਰਡ ਰੇਲਵੇ ਸਟੇਸ਼ਨ ਸਰਹਿੰਦ 'ਤੇ ਇਕ ਵਿਅਕਤੀ ਨੂੰ ਸ਼ੱਕੀ ਹਾਲਤ ਵਿਚ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਲਏ ਜਾਣ 'ਤੇ ਉਸ ਦੇ ਕਬਜ਼ੇ ਵਾਲੇ ਪਿੱਠੂ ਬੈਗ ਵਿਚ ਨੀਲੇ ਰੰਗ ਦੇ ਮਫ਼ਲਰ (ਗਮਸ਼ਾ) ਵਿਚ ਲਪੇਟ ਕੇ ਮੋਮੀ ਲਿਫ਼ਾਫ਼ੇ ਵਿਚ ਰੱਖੀ 1 ਕਿੱਲੋਗਰਾਮ ਅਫ਼ੀਮ ਬਰਾਮਦ ਹੋਈ | ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ, ਜਿਸ ਦੀ ਪੁੱਛਗਿੱਛ ਦੌਰਾਨ ਪਛਾਣ ਸਨਜੀਤ ਕੁਮਾਰ ਦਾਸ ਵਾਸੀ ਗਿਦੋਰ, ਥਾਣਾ ਗਿਦੋਰ, ਜ਼ਿਲ੍ਹਾ ਚਤਰਾ, ਝਾਰਖੰਡ, ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਉਕਤ ਪ੍ਰਵਾਸੀ ਵਿਅਕਤੀ ਖ਼ਿਲਾਫ਼ ਮੁਕੱਦਮਾ ਨੰ. 9, ਮਿਤੀ 5 ਫਰਵਰੀ 2026 ਨੂੰ ਧਾਰਾ 18/61/85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਜੀ.ਆਰ.ਪੀ. ਸਰਹਿੰਦ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅਫ਼ੀਮ ਸਮੇਤ ਗਿ੍ਫ਼ਤਾਰ ਕੀਤੇ ਵਿਅਕਤੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ |