ਫ਼ਤਹਿਗੜ੍ਹ ਸਾਹਿਬ, 5 ਫਰਵਰੀ (ਬਲਜਿੰਦਰ ਸਿੰਘ)-ਬਾਰ ਕੌਂਸਲ ਪੰਜਾਬ ਦੇ ਸੱਦੇ ਤਹਿਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਕਚਹਿਰੀਆਂ ਵਿਚ ਵਕੀਲਾਂ ਦੁਆਰਾ ਅਦਾਲਤੀ ਕੰਮਕਾਜ ਠੱਪ ਕਰਕੇ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਜਿਸ ਦੌਰਾਨ ਪ੍ਰਦਰਸ਼ਨਕਾਰੀ ਵਕੀਲਾਂ ਨੇ ਅਦਾਲਤਾਂ ਨਾਲ ਸੰਬੰਧਿਤ ਆਪਣੇ ਤਿੰਨ ਗੰਭੀਰ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਅਦਾਲਤਾਂ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਤੇ ਸਾਬਕਾ ਪ੍ਰਧਾਨ ਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਬਾਰ ਕੌਂਸਲ ਪੰਜਾਬ ਦੇ ਸੱਦੇ 'ਤੇ ਗਰਾਮ ਨਿਆਲਿਆ, ਐਕਸ਼ਨ ਪਲਾਨ ਅਤੇ ਡਿਫੈਂਸ ਕੌਂਸਲ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਵਕੀਲਾਂ ਵਲੋਂ ਅੱਜ ਤੋਂ ਤਿੰਨ ਦਿਨਾਂ ਲਈ ਅਦਾਲਤੀ ਕੰਮਕਾਜ ਬੰਦ ਕਰਕੇ ਮੁਕੰਮਲ ਹੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਗਰਾਮ ਨਿਆਲਿਆ ਤਹਿਤ ਵਕੀਲਾਂ ਨੂੰ ਖ਼ੱਜਲ਼-ਖ਼ੁਆਰ ਕਰਨ ਦੀ ਇਕ ਸਾਜ਼ਿਸ਼ ਹੈ, ਕਿਉਂਕਿ ਇਹ ਗਰਾਮ ਨਿਆਲਿਆ ਜ਼ਿਲ੍ਹਾ ਅਦਾਲਤਾਂ ਤੋਂ ਕੇਵਲ 3-4 ਕਿੱਲੋਮੀਟਰ ਦੇ ਦਾਇਰੇ ਵਿਚ ਹੀ ਸਥਾਪਤ ਕੀਤੇ ਜਾ ਰਹੇ ਹਨ ਜਿਸ ਨਾਲ ਵਕੀਲਾਂ ਦੀ ਖੁੱਜਲ-ਖਆਰੀ ਵਧੇਗੀ | ਐਡਵੋਕੇਟ ਧਾਰਨੀ ਨੇ ਕਿਹਾ ਕਿ ਐਕਸ਼ਨ ਪਲਾਨ ਤਹਿਤ ਅਦਾਲਤਾਂ ਵਲੋਂ ਲੰਬਿਤ ਕੇਸਾਂ ਨੂੰ ਜਲਦ ਨਿਪਟਾਉਣ ਦੀ ਆੜ ਹੇਠ ਵਕੀਲਾਂ ਅਤੇ ਧਿਰਾਂ ਨੂੰ ਆਪਸੀ ਸਮਝੌਤੇ ਅਧੀਨ ਨਿਪਟਾਰਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਜਿਸ ਨਾਲ ਇਨਸਾਫ਼ ਦੀ ਉਮੀਦ ਹੀ ਖ਼ਤਮ ਹੋ ਜਾਂਦੀ ਹੈ ਅਤੇ ਲਗਾਤਾਰਤਾ ਤਰੀਕਾਂ ਨਾਲ ਵਕੀਲਾਂ ਅਤੇ ਦੋਵੇਂ ਧਿਰਾਂ ਦੀ ਖੱਜਲ-ਖੁਆਰੀ ਵੀ ਵਧਦੀ ਹੈ | ਐਡਵੋਕੇਟ ਧਾਰਨੀ ਨੇ ਡਿਫੈਂਸ ਕੌਂਸਲ ਦੇ ਮੁੱਦੇ 'ਤੇ ਸਰਕਾਰਾਂ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਤੋਂ ਤਨਖ਼ਾਹ ਲੈਣ ਵਾਲੇ ਡਿਫੈਂਸ ਕੌਂਸਲ ਅੱਜ ਤੱਕ ਕਿਸੇ ਵੀ ਵਿਅਕਤੀ ਨੂੰ ਸਜ਼ਾ ਤੋਂ ਨਹੀਂ ਬਚਾ ਸਕੇ | ਜਿਸ ਨਾਲ ਕਾਨੂੰਨ ਵਿਵਸਥਾ ਕਮਜ਼ੋਰ ਹੋ ਰਹੀ ਹੈ | ਇਸ ਲਈ ਅਦਾਲਤਾਂ ਵਿਚ ਡਿਫੈਂਸ ਕੌਂਸਲ ਲਗਾਏ ਜਾਣ ਦੇ ਫ਼ੈਸਲੇ ਦਾ ਵੀ ਵਕੀਲ ਭਾਈਚਾਰੇ ਵਲੋਂ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਕਤ ਤਿੰਨੋਂ ਗੰਭੀਰ ਮੁੱਦਿਆਂ ਨੂੰ ਲੈ ਕੇ ਹੀ ਇਹ ਹੜਤਾਲ ਕੀਤੀ ਗਈ ਹੈ ਅਤੇ ਜੇਕਰ ਵਕੀਲਾਂ ਦੀਆਂ ਮੰਗਾਂ ਵੱਲ ਸਰਕਾਰ ਅਤੇ ਸੰਬੰਧਿਤ ਅਦਾਲਤਾਂ ਨੇ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪ੍ਰਦਰਸ਼ਨਕਾਰੀ ਵਕੀਲਾਂ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ, ਸਕੱਤਰ ਹਰਜੀਤ ਸਿੰਘ ਭੱਲਮਾਜਰਾ, ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ, ਰਛਪਾਲ ਸਿੰਘ ਕੰਗ, ਰਣਜੀਤ ਸਿੰਘ ਗਰੇਵਾਲ, ਨਰਿੰਦਰ ਸਿੰਘ ਟਿਵਾਣਾ, ਬਿ੍ਜ ਮੋਹਨ, ਅਮਨਦੀਪ ਸਿੰਘ ਚੀਮਾ, ਅਜੀਤਪਾਲ ਸਿੰਘ, ਨਰਿੰਦਰ ਕੁਮਾਰ ਸ਼ਰਮਾ, ਸੁੁਮੀਤ ਗੁਪਤਾ, ਦਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਵਕੀਲ ਸਾਹਿਬਾਨ ਵੀ ਸ਼ਾਮਿਲ ਸਨ |