ਫ਼ਤਹਿਗੜ੍ਹ ਸਾਹਿਬ, 24 ਫਰਵਰੀ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੀ ਅਲੂਮਨੀ ਮੀਟ 27 ਫਰਵਰੀ ਨੂੰ ਕਾਲਜ ਕੰਪਲੈਕਸ ਵਿਚ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਕਾਲਜ ਦੇ ਵੱਡੀ ਗਿਣਤੀ ਵਿਚ ਸਾਬਕਾ ਵਿਦਿਆਰਥੀ ਸ਼ਿਰਕਤ ਕਰਨਗੇ | ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਮਾਤਾ ਗੁਜਰੀ ਕਾਲਜ ਦੇ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 27 ਫਰਵਰੀ ਨੂੰ ਹੋ ਰਹੀ ਸਾਲਾਨਾ ਮੀਟ ਵਿਚ ਚਿਰਾਂ ਤੋਂ ਵਿੱਛੜੇ ਵਿਦਿਆਰਥੀ ਜਿੱਥੇ ਆਪਸ ਵਿਚ ਮਿਲ ਕੇ ਖ਼ੁਸ਼ੀ ਪ੍ਰਾਪਤ ਕਰਨਗੇ, ਉੱਥੇ ਉਨ੍ਹਾਂ ਦੇ ਪਰਿਵਾਰਿਕ ਰਿਸ਼ਤਿਆਂ ਵਿਚ ਵੀ ਸਾਂਝ ਪੈਦਾ ਹੋਣਾ ਵਿਲੱਖਣ ਮੇਲ ਸਾਬਤ ਹੋਵੇਗਾ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਕਾਲਜ ਵਿਚ ਪੜ੍ਹ ਕੇ ਅੱਜ ਉੱਚ ਅਹੁਦਿਆਂ 'ਤੇ ਬਿਰਾਜਮਾਨ ਮਾਣਯੋਗ ਸ਼ਖ਼ਸੀਅਤਾਂ ਦਾ ਇਸ ਮੌਕੇ ਸਤਿਕਾਰ ਕੀਤਾ ਜਾਵੇਗਾ ਅਤੇ ਸਾਬਕਾ ਵਿਦਿਆਰਥੀ ਨਵੇਂ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਕੀਮਤੀ ਤਜਰਬੇ ਸਾਂਝੇ ਕਰਨਗੇ, ਜੋ ਉਨ੍ਹਾਂ ਲਈ ਪੇ੍ਰਰਨਾ ਸ੍ਰੋਤ ਸਾਬਤ ਹੋਣਗੇ | ਉਨ੍ਹਾਂ ਦੱਸਿਆ ਕਿ ਕਾਲਜ ਦੇ ਪ੍ਰਬੰਧਕਾਂ ਅਤੇ ਸਟਾਫ਼ ਨੂੰ ਇਸ ਗੱਲ 'ਤੇ ਮਾਣ ਹੈ ਕਿ ਕਾਲਜ ਦੇ ਸਾਬਕਾ ਵਿਦਿਆਰਥੀ ਦੇਸ਼-ਵਿਦੇਸ਼ ਵਿਚ ਆਪਣੀ ਸਖ਼ਤ ਮਿਹਨਤ ਨਾਲ ਮੱਲ੍ਹਾਂ ਮਾਰ ਰਹੇ ਹਨ ਅਤੇ ਭਾਰਤ ਵਿਚ ਵੱਖ-ਵੱਖ ਰਾਜਨੀਤਿਕ, ਸਮਾਜ ਸੇਵੀ, ਸਰਕਾਰੀ ਅਤੇ ਗੈਰ-ਸਰਕਾਰੀ ਉੱਚ ਅਹੁਦਿਆਂ 'ਤੇ ਸੇਵਾਵਾਂ ਨਿਭਾ ਕੇ ਸਮਾਜ ਦੀ ਬਾਖ਼ੂਬੀ ਸੇਵਾ ਕਰ ਰਹੇ ਹਨ | ਮਾਤਾ ਗੁਜਰੀ ਕਾਲਜ ਐਕਸ ਸਟੂਡੈਂਟ ਐਸੋਸੀਏਸ਼ਨ ਦੇ ਵਰਲਡ ਵਾਈਡ ਪ੍ਰਧਾਨ ਪਿ੍ਤਪਾਲ ਸਿੰਘ ਬਾਲੂ ਨੇ ਦੱਸਿਆ ਕਿ ਕਾਲਜ ਤੋਂ ਪੜ੍ਹੇ ਕਈ ਵਿਦਿਆਰਥੀ ਅੱਜ ਵਿਧਾਇਕ ਵਜੋਂ ਸੇਵਾ ਕਰ ਰਹੇ ਹਨ, ਕਈ ਸਮਾਜ ਸੇਵਾ ਦੇ ਖੇਤਰ ਨਾਲ ਜੁੜੇ ਹੋਏ ਹਨ, ਕਈ ਆਪਣੇ ਕਾਰੋਬਾਰ ਵਿਚ ਕਾਮਯਾਬ ਹਨ ਅਤੇ ਕਈ ਵਿਦੇਸ਼ਾਂ ਵਿਚ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਹਨ | ਉਨ੍ਹਾਂ ਕਿਹਾ ਕਿ ਸਾਰੇ ਪੁਰਾਣੇ ਵਿਦਿਆਰਥੀਆਂ ਦੇ ਮਨ ਵਿਚ ਇਹ ਗਹਿਰੀ ਇੱਛਾ ਹੈ ਕਿ ਕਾਲਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਫ਼ੀਸ ਅਤੇ ਹੋਰ ਸਿੱਖਿਆ ਸਬੰਧੀ ਜ਼ਰੂਰਤਾਂ ਲਈ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਆਪਣੇ ਜੀਵਨ ਦੇ ਮਿੱਥੇ ਹੋਏ ਟੀਚਿਆਂ ਤੱਕ ਪਹੁੰਚ ਸਕਣ | ਇਸ ਮੌਕੇ ਸਰਬਜੀਤ ਸਿੰਘ, ਰਣਦੀਪ ਸਿੰਘ, ਜਸਵੰਤ ਸਿੰਘ, ਜੈ ਕਿ੍ਸ਼ਨ ਕਸ਼ਯਪ, ਡਾ. ਉਬਰਾਏ, ਗੁਰਜੀਤ ਸਿੰਘ ਬਾਠ, ਜੈ ਸਿੰਘ ਸਰਹਿੰਦ, ਮੋਹਨ ਸਿੰਘ, ਅਮਰਜੀਤ ਸਿੰਘ ਚੀਮਾ, ਸਤਬੀਰ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ ਔਜਲਾ, ਸੁਰਮਖ ਸਿੰਘ ਗਿੱਲ ਆਦਿ ਮੈਂਬਰ ਹਾਜ਼ਰ ਸਨ |