ਅਮਲੋਹ, 7 ਮਾਰਚ (ਕੇਵਲ ਸਿੰਘ)-ਅਮਲੋਹ ਸ਼ਹਿਰ ਦੇ ਬੁੱਗਾ ਬੱਸ ਅੱਡੇ ਤੋਂ ਖੰਨਾ ਨੂੰ ਜਾਂਦੀ ਸੜਕ ਨੇੜੇ ਰਿਹਾਇਸ਼ੀ ਇਲਾਕੇ ਵਿਚ ਲੱਗ ਰਹੀ ਕੂੜੇ ਦੀ ਢੇਰੀ ਕਾਰਨ ਨਜ਼ਦੀਕ ਰਹਿਣ ਵਾਲੇ ਲੋਕ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇੱਥੇ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਕਰਕੇ ਇਲਾਕੇ ਵਿਚ ਗੰਦਗੀ ਅਤੇ ਬਦਬੂ ਫੈਲ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਅਮਲੋਹ ਦੇ ਸਫ਼ਾਈ ਕਰਮਚਾਰੀ ਵੀ ਇੱਥੇ ਕੂੜਾ ਸੁੱਟ ਕੇ ਚਲੇ ਜਾਂਦੇ ਹਨ ਅਤੇ ਕੂੜੇ ਦੀ ਢੇਰੀ ਕਈ ਵਾਰ ਕਾਫ਼ੀ ਦਿਨਾਂ ਤੱਕ ਨਹੀਂ ਚੁੱਕੀ ਜਾਂਦੀ | ਇਸ ਕਾਰਨ ਇੱਥੇ ਬਦਬੂ ਫੈਲਣ ਲੱਗ ਪੈਂਦੀ ਹੈ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਘਰ-ਘਰ ਤੋਂ ਕੂੜਾ ਇਕੱਠਾ ਕਰਨ ਲਈ ਵਾਹਨ ਵੀ ਲਗਾਏ ਗਏ ਹਨ, ਪਰ ਫਿਰ ਵੀ ਇਲਾਕੇ ਵਿਚ ਕੂੜੇ ਦੀਆਂ ਢੇਰੀਆਂ ਲੱਗਣ ਤੋਂ ਨਹੀਂ ਰੁਕ ਰਹੀਆਂ | ਲੋਕਾਂ ਨੇ ਨਗਰ ਕੌਂਸਲ ਨੂੰ ਅਪੀਲ ਕੀਤੀ ਕਿ ਇਸ ਥਾਂ 'ਤੇ ਕੂੜਾ ਸੁੱਟਣਾ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਜੋ ਵੀ ਵਿਅਕਤੀ ਇੱਥੇ ਕੂੜਾ ਸੁੱਟਦਾ ਹੈ, ਉਸ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਜੁਰਮਾਨਾ ਕੀਤਾ ਜਾਵੇ |