ਅਮਲੋਹ, 8 ਮਾਰਚ (ਹਰਪ੍ਰੀਤ ਸਿੰਘ ਗਿੱਲ, ਕੇਵਲ ਸਿੰਘ)-ਰਕੇਸ਼ ਗਰਗ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਅਮਲੋਹ ਨੇ ਕਿਹਾ ਕਿ ਸਰਕਾਰ ਵਲੋਂ ਪੇਸ਼ ਬਜਟ ਸ਼ੈਲਰ ਸਨਅਤ ਲਈ ਨਿਰਾਸ਼ਾਜਨਕ ਰਿਹਾ ਹੈ | ਖੇਤੀਬਾੜੀ ਲਈ 14,280 ਕਰੋੜ ਰੁਪਏ ਰੱਖਣ ਦੇ ਬਾਵਜੂਦ, ਚਾਵਲ ਸਟੋਰੇਜ ਅਤੇ ਗੁਦਾਮਾਂ ਦੀ ਸਾਂਭ-ਸੰਭਾਲ ਲਈ ਇਸ ਬਜਟ ਵਿਚ ਕੋਈ ਫੰਡ ਨਹੀਂ ਦਿੱਤਾ ਗਿਆ | ਸਰਕਾਰੀ ਗੁਦਾਮਾਂ ਵਿਚ ਜਗ੍ਹਾ ਦੀ ਭਾਰੀ ਕਿੱਲਤ ਕਾਰਨ ਸ਼ੈਲਰ ਮਾਲਕ ਬਰਬਾਦੀ ਦੇ ਕੰਢੇ ਹਨ | ਪਿਛਲੇ ਚਾਰ ਸਾਲਾਂ ਤੋਂ ਨਵੇਂ ਗੁਦਾਮ ਬਣਾਉਣ ਜਾਂ ਪੁਰਾਣੇ ਗੁਦਾਮਾਂ ਦੇ ਕਿਰਾਏ ਵਿਚ ਵਾਧੇ ਲਈ ਬਜਟ 'ਚ ਕੋਈ ਯੋਜਨਾ ਨਹੀਂ ਰੱਖੀ ਗਈ | ਚਾਵਲਾਂ ਦੀ ਸੰਭਾਲ ਲਈ ਠੋਸ ਨੀਤੀ ਨਾ ਹੋਣਾ ਸ਼ੈਲਰ ਮਾਲਕਾਂ, ਆੜ੍ਹਤੀਆਂ ਅਤੇ ਇਸ ਉਦਯੋਗ ਨਾਲ ਜੁੜੇ ਲੱਖਾਂ ਮਜ਼ਦੂਰ ਪਰਿਵਾਰਾਂ ਦੀ ਰੋਜ਼ੀ-ਰੋਟੀ ਦੇ ਵਿਰੁੱਧ ਹੈ |