ਅਮਲੋਹ, 10 ਮਾਰਚ (ਕੇਵਲ ਸਿੰਘ)-ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਅੱਜ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਅਧੀਨ ਕੇਂਦਰੀ ਆਯੁਰਵੇਦ ਅਨੁਸੰਧਾਨ ਪ੍ਰੀਸ਼ਦ ਦੇ ਅਧੀਨ ਪਟਿਆਲਾ ਸਥਿਤ ਸੈਂਟਰਲ ਆਯੁਰਵੈਦ ਰਿਸਰਚ ਇੰਸਟੀਚਿਊਟ ਨਾਲ ਇਕ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ 'ਤੇ ਹਸਤਾਖ਼ਰ ਕੀਤੇ | ਇਹ ਸਮਝੌਤਾ ਰਾਸ਼ਟਰੀ ਪੱਧਰ 'ਤੇ ਇਕ ਸਹਿਯੋਗੀ ਖੋਜ ਪ੍ਰੋਜੈਕਟ ਦੀ ਸ਼ੁਰੂਆਤ ਹੈ, ਜਿਸ ਦਾ ਸਿਰਲੇਖ ਹੈ ਆਯੁਰਵੈਦਿਕ ਜੀਵਨ ਸ਼ੈਲੀ ਅਤੇ ਔਸ਼ਧੀ ਪੌਦਿਆਂ ਦਾ ਪ੍ਰਾਇਮਰੀ ਹੈਲਥ ਕੇਅਰ ਵਿਚ ਯੋਗਦਾਨ ਬਾਰੇ ਅਧਿਐਨ | ਇਹ ਆਯੁਰਵੈਦਿਕ ਰੋਜ਼ਾਨਾ ਰੁਟੀਨ, ਖ਼ੁਰਾਕ ਅਤੇ ਔਸ਼ਧੀ ਪੌਦਿਆਂ ਦੀ ਭੂਮਿਕਾ ਦੀ ਖੋਜ ਕਰੇਗਾ, ਜੋ ਚੰਗਿਆਈ ਨੂੰ ਵਧਾਉਣ ਅਤੇ ਬਿਮਾਰੀਆਂ ਨੂੰ ਰੋਕਣ ਵਿਚ ਮਦਦ ਕਰਦੇ ਹਨ | ਇਹ ਭਾਈਵਾਲੀ ਆਯੁਰਵੇਦ ਵਿਚ ਵਿਗਿਆਨਕ ਖੋਜ ਨੂੰ ਅੱਗੇ ਵਧਾਉਣ, ਵਿਦਿਆਰਥੀ ਪੱਧਰ ਨੂੰ ਉੱਚਾ ਚੁੱਕਣ ਅਤੇ ਭਾਰਤ ਦੇ ਸਿਹਤ ਸੰਭਾਲ ਪ੍ਰਣਾਲੀ ਵਿਚ ਆਯੁਰਵੇਦ ਦੀ ਮੁੱਖ ਭੂਮਿਕਾ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਾ ਹੈ | ਇਹ ਮੀਲ ਪੱਥਰ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਦੀ ਦੂਰਅੰਦੇਸ਼ੀ ਅਗਵਾਈ ਦਾ ਨਤੀਜਾ ਹੈ | ਡਾਇਰੈਕਟਰ ਕੈਂਪਸ ਡਾ. ਕੁਲਭੂਸ਼ਣ ਅਤੇ ਪਿ੍ੰਸੀਪਲ ਡਾ. ਹੇਮ ਰਾਜ ਨੇ ਇਸ ਪਹਿਲ ਨੂੰ ਸ਼ਿੱਦਤ ਨਾਲ ਸੰਚਾਲਿਤ ਕੀਤਾ | ਇਹ ਫੈਕਲਟੀ ਅਤੇ ਵਿਦਿਆਰਥੀਆਂ ਲਈ ਨਵੇਂ ਖੋਜ ਅਵਸਰ ਖੋਲ੍ਹੇਗਾ, ਸੰਸਥਾਗਤ ਖੋਜ ਨੂੰ ਮਜ਼ਬੂਤ ਕਰੇਗਾ ਅਤੇ ਆਯੁਰਵੇਦ ਨੂੰ ਰਾਸ਼ਟਰੀ ਤੇ ਵਿਸ਼ਵ ਪੱਧਰ 'ਤੇ ਉੱਚਾ ਚੁੱਕੇਗਾ |