ਫ਼ਤਹਿਗੜ੍ਹ ਸਾਹਿਬ, 10 ਮਾਰਚ (ਬਲਜਿੰਦਰ ਸਿੰਘ)-ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵਲੋਂ ਆਪਣੀ ਡਿਊਟੀ ਇਮਾਨਦਾਰੀ, ਲਗਨ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ਵਾਲੀਆਂ 10 ਮਹਿਲਾ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓ) ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਚੋਣ ਪ੍ਰਕਿਰਿਆ ਵਿਚ ਨਿਭਾਈਆਂ ਗਈਆਂ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਦੀ ਸਰਾਹਨਾ ਕੀਤੀ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਸਹੀ ਅਤੇ ਅੱਪਡੇਟ ਵੋਟਰ ਸੂਚੀ ਬਹੁਤ ਮਹੱਤਵਪੂਰਨ ਹੁੰਦੀ ਹੈ, ਜਿਸ ਵਿਚ ਬੀ.ਐਲ.ਓ. ਦੀ ਭੂਮਿਕਾ ਕੇਂਦਰੀ ਮਹੱਤਵ ਰੱਖਦੀ ਹੈ | ਉਨ੍ਹਾਂ ਬੀ.ਐਲ.ਓਜ ਨੂੰ ਚੋਣ ਪ੍ਰਕਿਰਿਆ ਦਾ ਅਹਿਮ ਧੁਰਾ ਆਖਦਿਆਂ ਕਿਹਾ ਕਿ ਮਹਿਲਾ ਬੀ.ਐਲ.ਓ ਘਰ-ਘਰ ਜਾ ਕੇ ਯੋਗ ਵੋਟਰਾਂ ਦੀ ਸ਼ਨਾਖ਼ਤ ਕਰਦੀਆਂ ਹਨ ਅਤੇ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਤੇ ਸੋਧ ਕਰਕੇ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ | ਡੀ.ਸੀ ਨੇ ਮਹਿਲਾ ਬੀ.ਐਲ.ਓ. ਵਲੋਂ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਮਰਪਿਤ ਕਾਰਗੁਜ਼ਾਰੀ ਹੋਰ ਕਰਮਚਾਰੀਆਂ ਲਈ ਵੀ ਪੇ੍ਰਰਨਾ ਦਾ ਸ੍ਰੋਤ ਹੈ | ਉਨ੍ਹਾਂ ਨੇ ਸਨਮਾਨਿਤ ਕੀਤੀਆਂ ਮਹਿਲਾ ਬੀ.ਐਲ.ਓ. ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਡਿਊਟੀ ਦੌਰਾਨ ਆਈਆਂ ਔਕੜਾਂ ਬਾਰੇ ਜਾਣਕਾਰੀ ਹਾਸਿਲ ਕੀਤੀ | ਡਾ. ਥਿੰਦ ਨੇ ਮਹਿਲਾ ਬੀ.ਐਲ.ਓ. ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਿਸ਼ਠਾ ਅਤੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਕੁਲਦੀਪ ਕੌਰ, ਪਰਵਿੰਦਰ ਕੌਰ, ਚਰਨਜੀਤ ਕੌਰ, ਨਰਿੰਦਰ ਕੌਰ, ਸਵੀਟੀ ਰਾਣੀ, ਹਰਜੀਤ ਕੌਰ, ਕੋਮਲ ਆਸਥਾ, ਰਵਿੰਦਰ ਕੌਰ, ਗਗਨਦੀਪ ਕੌਰ, ਨੀਲਮ ਰਾਣੀ ਬੀ.ਐਲ.ਓਜ਼ ਤੋਂ ਇਲਾਵਾ ਚੋਣ ਅਮਲੇ ਤੋਂ ਕੁਲਵਿੰਦਰ ਕੌਰ ਚੋਣ ਕਾਨੂੰਗੋ, ਗੁਰਵਿੰਦਰ ਸਿੰਘ, ਸੰਨਪ੍ਰੀਤ ਸਿੰਘ ਵੀ ਹਾਜ਼ਰ ਸਨ |