ਫ਼ਤਹਿਗੜ੍ਹ ਸਾਹਿਬ, 27 ਮਾਰਚ (ਬਲਜਿੰਦਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਅੱਜ ਡੇਰਾ ਬਾਬਾ ਪੁਸ਼ਪਾਨੰਦ ਮੁੱਲਾਂਪੁਰ ਉਦਾਸੀਨ ਸੰਪਰਦਾਇ ਵਿਖੇ ਵਿਸ਼ਵ ਸ਼ਾਂਤੀ ਲਈ ਚੱਲ ਰਹੇ ਧਾਰਮਿਕ ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਸਮਾਗਮ ਦੌਰਾਨ ਵਿਸ਼ਵ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਜਥਿਆਂ ਵਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਇਆ ਗਿਆ | ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਡੇਰਾ ਬਾਬਾ ਪੁਸ਼ਪਾਨੰਦ ਮੁੱਲਾਂਪੁਰ ਦੇ ਮੁਖੀ ਸੰਤ ਬਾਬਾ ਬਲਵਿੰਦਰ ਦਾਸ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੁਆਰਾ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਪ੍ਰਸੰਸਾ ਕੀਤੀ | ਇਸ ਮੌਕੇ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਅੱਜ ਵਿਸ਼ਵ ਵਿਚ ਜੋ ਜੰਗਾਂ, ਯੁੱਧਾਂ ਦੇ ਹਾਲਾਤ ਬਣੇ ਹੋਏ ਹਨ, ਉਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਵਾਹਿਗੁਰੂ ਨਾਮ ਦਾ ਵੱਧ ਤੋਂ ਵੱਧ ਜਾਪ ਕਰੀਏ ਅਤੇ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੀਏ | ਉਨ੍ਹਾਂ ਨੌਜਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਲਿਆਣਕਾਰੀ ਉਪਦੇਸ਼ ਨੂੰ ਕਮਾਉਣ ਅਤੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਬਾਣੀ ਤੇ ਬਾਣੇ ਦੇ ਪਹਿਰੇਦਾਰ ਬਣਨ ਦੀ ਅਪੀਲ ਕੀਤੀ | ਇਸ ਮੌਕੇ ਮਹੰਤ ਪ੍ਰਤਾਪ ਦਾਸ ਅੰਮਿ੍ਤਸਰ, ਸੰਤ ਸੁਖਵੀਰ ਦਾਸ ਧਮੋਟ, ਅਵਤਾਰ ਸਿੰਘ ਸਰਪੰਚ, ਨਰਿੰਦਰ ਸਿੰਘ ਸਾਬਕਾ ਸਰਪੰਚ, ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ, ਪਰਵਿੰਦਰ ਸਿੰਘ, ਮਨਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਚਾਹਲ, ਜਸਦੇਵ ਸਿੰਘ, ਤਰਲੋਚਨ ਸਿੰਘ, ਮਨਵੀਰ ਸਿੰਘ, ਕਰਤਾਰ ਸਿੰਘ, ਹਰਜੀਤ ਸਿੰਘ ਅਤੇ ਜਗਦੀਸ਼ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਡੇਰੇ ਦੇ ਮੁਖੀ ਬਾਬਾ ਬਲਵਿੰਦਰ ਦਾਸ ਵਲੋਂ ਜਥੇਦਾਰ ਰਘਵੀਰ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ |