ਬਸੀ ਪਠਾਣਾਂ, 3 ਅਪ੍ਰੈਲ (ਪੱਤਰ ਪ੍ਰੇਰਕ)-ਪਿਛਲੇ ਕੁਝ ਦਿਨਾਂ ਤੋਂ ਸੂਬੇ ਅੰਦਰ ਲਗਾਤਾਰ ਹੋ ਰਹੀਆਂ ਦਲਿਤ ਵਿਰੋਧੀ ਘਟਨਾਵਾਂ ਪ੍ਰਤੀ ਪੰਜਾਬ ਸਰਕਾਰ ਵਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਰਕੇ ਆਮ ਆਦਮੀ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਐਸ.ਸੀ.ਵਿੰਗ ਦੇ ਮੁੱਖ ਬੁਲਾਰਾ ਤੇ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਵਾਪਰੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਿਵੇਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਜੱਟਾਂ ਵਿਚ ਸ਼ਰਾਰਤੀ ਅਨਸਰਾਂ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਸਾਹਿਬ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਹੈ, ਸ਼ੋ੍ਰਮਣੀ ਅਕਾਲੀ ਦਲ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ ਹੈ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੇ ਬੁੱਤ ਦੀ ਰੱਖਿਆ ਕਰਨ ਵਿਚ ਨਾਕਾਮ ਰਹੀ ਪੰਜਾਬ ਸਰਕਾਰ ਦੀ ਨਿਖੇਧੀ ਵੀ ਕਰਦਾ ਹੈ | ਉਨ੍ਹਾਂ ਕਿਹਾ ਕਿ ਕਦੇ ਇਸ ਸਰਕਾਰ ਦੇ ਵਿਧਾਇਕ ਸਟੇਜਾਂ ਤੋਂ ਗ਼ਰੀਬ ਬੰਦੇ ਦੇ ਲੱਤਾਂ ਮਾਰਦੇ ਹਨ ਅਤੇ ਹੱਦ ਤਾਂ ਉਦੋਂ ਹੋ ਗਈ, ਜਦੋਂ ਪਿਛਲੇ ਦਿਨੀਂ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਵੇਈ ਪੂਈ ਵਿਖੇ ਇੱਕ ਵਿਧਾਇਕ ਦੇ ਰਿਸ਼ਤੇਦਾਰ ਸਰਪੰਚ ਨੇ ਇਕ ਦਲਿਤ ਵਿਧਵਾ ਦੇ ਘਰ ਨੂੰ ਹੀ ਅੱਗ ਲਗਾ ਦਿੱਤੀ | ਇਸ ਘਿਨੌਣੀ ਹਰਕਤ ਤੋਂ ਬਾਅਦ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਇਕ ਸ਼ਬਦ ਵੀ ਇਨ੍ਹਾਂ ਹਾਲਾਤਾਂ ਸਬੰਧੀ ਮੂੰਹੋਂ ਨਹੀਂ ਕੱਢਿਆ | ਐਡਵੋਕੇਟ ਸੈਂਪਲਾ ਨੇ ਆਮ ਆਦਮੀ ਪਾਰਟੀ ਦੇ ਦਲਿਤ ਵਰਗ ਨਾਲ ਸਬੰਧਿਤ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਆਪਣੇ ਭਾਈਚਾਰੇ ਨਾਲ ਡੱਟ ਕੇ ਖੜ੍ਹਦੇ ਹੋਏ ਸਮੂਹਿਕ ਅਸਤੀਫ਼ੇ ਦੇਣ, ਨਹੀਂ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਈਚਾਰੇ ਦੇ ਲੋਕ ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਕੇ ਸਬਕ ਜ਼ਰੂਰ ਸਿਖਾਉਣਗੇ | ਉਨ੍ਹਾਂ ਪੰਜਾਬ ਸਰਕਾਰ ਤੇ ਡੀ.ਜੀ.ਪੀ ਤੋਂ ਮੰਗ ਕੀਤੀ ਕਿ ਦਲਿਤ ਸਮਾਜ ਪ੍ਰਤੀ ਹੋ ਰਹੀਆਂ ਘਿਨੌਣੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਅੰਜਾਮ ਦੇਣ ਵਾਲੇ ਗੈਰ ਸਮਾਜਿਕ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |