ਨਵੀਂ ਦਿੱਲੀ, 3 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਯਮੁਨਾ ਪਾਰ ਗਾਂਧੀ ਨਗਰ ਵਿਧਾਨ ਸਭਾ ਖੇਤਰ ਦੇ ਅਜੀਤ ਨਗਰ ਗਲੀ ਨੰਬਰ 5, 6 ਵਿਚ ਐਨੀ ਗੰਦਗੀ ਫ਼ੈਲੀ ਹੋਈ ਹੈ ਕਿ ਇਥੋਂ ਲੰਘਣਾ ਵੀ ਲੋਕਾਂ ਨੂੰ ਮੁਸ਼ਕਿਲ ਹੋ ਰਿਹਾ ਹੈ | ਥਾਂ-ਥਾਂ 'ਤੇ ਚਿੱਕੜ, ਪਲਾਸਟਿਕ ਦੀਆਂ ਥੈਲੀਆਂ ਅਤੇ ਕਾਗਜ਼ ਏਧਰ-ਉਧਰ ਫ਼ੈਲੇ ਹੋਏ ਹਨ | ਜਦੋਂ ਵੀ ਕੋਈ ਬਾਈਕ ਜਾਂ ਸਕੂਟਰ ਲੰਘਦਾ ਹੈ, ਉਦੋਂ ਉਥੋਂ ਲੰਘਦੇ ਲੋਕਾਂ 'ਤੇ ਚਿੱਕੜ ਪੈ ਰਿਹਾ ਹੈ | ਇਸ ਖੇਤਰ ਵਿਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਥੇ ਰਹਿਣਾ ਮੁਸ਼ਕਿਲ ਹੋ ਰਿਹਾ ਹੈ | ਕੋਈ ਵੀ ਸਫ਼ਾਈ ਕਰਮਚਾਰੀ ਇਥੇ ਸਫ਼ਾਈ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ | ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦਾ ਵੀ ਇਸ ਮਾਮਲੇ ਪ੍ਰਤੀ ਕੋਈ ਧਿਆਨ ਨਹੀਂ ਹੈ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਗਰਮੀ ਦੇ ਮੌਸਮ ਵਿਚ ਮੱਛਰ, ਮੱਖੀਆਂ ਪੈਦਾ ਹੋ ਰਹੀਆਂ ਹਨ ਅਤੇ ਜੇਕਰ ਕੋਈ ਬਿਮਾਰੀ ਫ਼ੈਲੇਗੀ ਤਾਂ ਉਸ ਦਾ ਜ਼ੁੰਮੇਵਾਰ ਕੌਣ ਹੋਵੇਗਾ? ਇਸ ਗੰਦਗੀ ਤੋਂ ਪ੍ਰੇਸ਼ਾਨ ਹੋਏ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਪ੍ਰਤੀ ਖੇਤਰ ਦੇ ਵਿਧਾਇਕ ਨੂੰ ਧਿਆਨ ਦੇਣਾ ਚਾਹੀਦਾ ਹੈ |