ਨਵੀਂ ਦਿੱਲੀ, 3 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਪ੍ਰਾਈਵੇਟ ਸਕੂਲਾਂ ਵਲੋਂ ਲਗਾਤਾਰ ਫ਼ੀਸ ਵਧਾਉਣ ਅਤੇ ਬੱਚਿਆਂ ਦੇ ਮਾਪਿਆਂ 'ਤੇ ਦਬਾਅ ਬਣਾਉਣ ਦੇ ਮੁੱਦੇ 'ਤੇ ਨੈਸ਼ਨਲ ਅਕਾਲੀ ਦਲ ਨੇ ਸਖ਼ਤ ਵਿਰੋਧ ਕੀਤਾ ਹੈ | ਨੈਸ਼ਨਲ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸਕੂਲ ਆਪਣੀ ਮਨਮਾਨੀ ਬੰਦ ਕਰਨ ਨਹੀਂ ਤਾਂ ਨੈਸ਼ਨਲ ਅਕਾਲੀ ਦਲ ਸੜਕਾਂ 'ਤੇ ਉਤਰ ਕੇ ਅੰਦੋਲਨ ਕਰੇਗਾ | ਪੰਮਾ ਦਾ ਕਹਿਣਾ ਹੈ ਕਿ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਕਿ ਉਨ੍ਹਾਂ ਦੀ ਪਾਰਟੀ ਸਹਿਣ ਨਹੀਂ ਕਰੇਗੀ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਿੱਖਿਆ ਦੇ ਨਾਂਅ 'ਤੇ ਬੱਚਿਆਂ ਦੇ ਮਾਪਿਆਂ 'ਤੇ ਆਰਥਿਕ ਬੋਝ ਪਾਉਣਾ ਬਿਲਕੁਲ ਵੀ ਠੀਕ ਨਹੀਂ ਹੈ, ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਰੱਖਿਆ ਹੈ ਅਤੇ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ | ਦੂਸਰੇ ਪਾਸੇ ਪ੍ਰਾਈਵੇਟ ਸਕੂਲ ਜਬਰਨ ਪੈਸੇ ਬਟੋਰ ਰਹੇ ਹਨ |