ਨਵੀਂ ਦਿੱਲੀ, 3 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਸੈਸ਼ਨ 2026-27 ਲਈ ਅਕਾਦਮਿਕ ਕੈਲੰਡਰ ਜਾਰੀ ਕਰ ਦਿੱਤਾ ਹੈ, ਜੋ ਕਿ ਦਿੱਲੀ ਦੇ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ 'ਤੇ ਲਾਗੂ ਹੋਵੇਗਾ | ਸਕੂਲਾਂ ਨੂੰ ਆਪਣੀਆਂ ਸਮੁੱਚੀਆਂ ਗਤੀਵਿਧੀਆਂ ਇਸ ਕੈਲੰਡਰ ਦੇ ਅਨੁਸਾਰ ਹੀ ਤੈਅ ਕਰਨੀਆਂ ਹੋਣਗੀਆਂ | ਕੈਲੰਡਰ ਵਿਚ ਪ੍ਰੀਖਿਆ, ਛੁੱਟੀਆਂ, ਸਹਿ-ਪਾਠਕ੍ਰਮ, ਸੀ.ਏ., ਜੇ.ਈ.ਈ., ਪ੍ਰਤੀਯੋਗੀ ਪ੍ਰੀਖਿਆਵਾਂ, ਪ੍ਰਤਿਭਾ ਪ੍ਰੀਖਿਆ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ | ਇਸ ਵਾਰ ਇਸ ਕੈਲੰਡਰ ਵਿਚ ਪੰਡਿਤ ਮਦਨ ਮੋਹਨ ਮਾਲਵੀਆ ਵਿੱਦਿਆ ਸ਼ਕਤੀ ਮਿਸ਼ਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਸ ਪ੍ਰਤੀ ਦਸੰਬਰ 2025 ਵਿਚ ਮਨਜ਼ੂਰੀ ਮਿਲ ਗਈ ਸੀ | ਇਸ ਯੋਜਨਾ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੀ.ਯੂ.ਈ.ਟੀ. ਅਤੇ ਹੋਰ ਰਾਸ਼ਟਰੀ ਪੱਧਰ ਦੀਆਂ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ, ਅਧਿਐਨ ਸਮੱਗਰੀ, ਮੌਕ ਟੈਸਟ ਸ਼ਾਮਿਲ ਹੋਵੇਗਾ |ਵਰਨਣਯੋਗ ਹੈ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਨਵਾਂ ਸੈਸ਼ਨ ਇਕ ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ | ਗਿਆਰ੍ਹਵੀਂ ਕਲਾਸ ਵਿਚ ਦਾਖ਼ਲੇ, ਦਸਵੀਂ ਕਲਾਸ ਦਾ ਨਤੀਜਾ ਆਉਣ ਤੋਂ ਬਾਅਦ ਹੀ ਸ਼ੁਰੂ ਹੋਣਗੇ | ਇਸ ਨਾਲ ਹੀ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਨਾਨ-ਪਲਾਨ ਦਾਖ਼ਲੇ ਲਈ 25 ਅਪ੍ਰੈਲ ਨੂੰ ਕਾਮਨ ਦਾਖ਼ਲਾ ਟੈਸਟ ਲਿਆ ਜਾਵੇਗਾ |