ਪਟਿਆਲਾ, 10 ਅਪ੍ਰੈਲ (ਅ.ਸ. ਆਹਲੂਵਾਲੀਆ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਉਸ ਫ਼ੈਸਲੇ ਦਾ ਸਵਾਗਤ ਕੀਤਾ, ਜਿਸ ਵਿਚ ਪੰਜਾਬ ਦੇ ਕਰਮਚਾਰੀਆਂ, ਪੈਨਸ਼ਨਧਾਰਕਾਂ ਨੂੰ ਉਨ੍ਹਾਂ ਦੇ ਬਣਦੇ ਡੀ.ਏ. ਦੇ ਪੂਰੇ ਬਕਾਏ 30 ਜੂਨ ਤੀਕ ਦੇਣ ਦੇ ਆਦੇਸ਼ ਹੋਏ ਹਨ | ਸਾਬਕਾ ਪ੍ਰਧਾਨ ਨੇ ਕਿਹਾ ਕਿ ਸੰਘਰਸ਼ ਕਰ ਰਹੇ ਮੁਲਾਜ਼ਮਾਂ ਕੋਲ ਅਦਾਲਤ ਹੀ ਇਕੋ ਇਕ ਰਾਹ ਸੀ, ਜਿਸ ਵਿਚ ਮੁਲਾਜ਼ਮਾਂ ਦੀ ਜਿੱਤ ਹੋਈ ਹੈ ਅਤੇ ਸਰਕਾਰ ਨੂੰ ਸ਼ਰਮਸਾਰ ਹੋਣਾ ਪਿਆ ਹੈ | ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ 'ਤੇ ਸੰਘਰਸ਼ ਕਰ ਰਹੇ ਅਧਿਆਪਕ, ਮੁਲਾਜ਼ਮ ਅਤੇ ਨਰਸਾਂ ਤੱਕ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਜਿਸ ਕਾਰਨ ਆਮ ਜਨਤਾ ਵੀ ਅਜਿਹੇ ਸੰਘਰਸ਼ ਵਿਚ ਅਨੇਕਾਂ ਪੇ੍ਰਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ |