ਬਸੀ ਪਠਾਣਾਂ, 16 ਅਪ੍ਰੈਲ (ਐਚ.ਐਸ.ਗੌਤਮ)-ਅਨਾਜ ਮੰੰਡੀ ਬਸੀ ਪਠਾਣਾਂ 'ਚ ਆਪਣੀ ਫ਼ਸਲ ਵੇਚਣ ਆਏ ਕਿਸਾਨ ਆਗੂ ਬਲਦੇਵ ਸਿੰਘ ਦਮਹੇੜੀ ਸੀਨੀਅਰ ਮੀਤ ਪ੍ਰਧਾਨ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਨੇ ਦੱਸਿਆ ਕਿ ਪਿਛਲੇ 4-5 ਸਾਲ ਤੋਂ ਹਰੇਕ ਸਾਲ ਹੀ ਕਣਕ ਅਤੇ ਝੋਨੇ ਦੀ ਫ਼ਸਲ ਝਾੜ ਪੱਖੋਂ ਕਿਸਾਨਾਂ ਨੂੰ ਧੋਖਾ ਦਿੰਦੀ ਆ ਰਹੀ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਣਕ ਦੇ ਖ਼ਰੀਦ ਮਾਪਦੰਡ 'ਚ ਛੋਟ ਦੇ ਕੇ ਕਿਸਾਨ ਦੀ ਫ਼ਸਲ ਚੁੱਕਣ ਦਾ ਪ੍ਰਬੰਧ ਜਲਦ ਕੀਤਾ ਜਾਵੇ | ਮੰਡੀਆਂ 'ਚ ਖ਼ਰੀਦੀ ਕਣਕ ਦੇ ਤਾਂ ਅੰਬਾਰ ਲੱਗ ਚੁੱਕੇ ਹਨ, ਪੰ੍ਰਤੂ ਚੁਕਾਈ ਅਜੇ ਤੱਕ ਇਕ ਬੋਰੀ ਦੀ ਵੀ ਨਹੀਂ ਹੋਈ | ਇਸ ਤੋਂ ਹਤਾਸ਼ ਹੋ ਕੇ ਕਿਸਾਨ ਖ਼ਰੀਦ ਏਜੰਸੀਆਂ ਅਤੇ ਮੰਡੀ ਬੋਰਡ ਦੇ ਦਫ਼ਤਰ ਘੇਰ ਰਹੇ ਹਨ | ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖ਼ਰੀਦ ਏਜੰਸੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਤਾਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਹੀ ਕਾਰਵਾਈ ਕਰਨੀ, ਇਸ ਲਈ ਅਫ਼ਸਰਸ਼ਾਹੀ ਨੂੰ ਪ੍ਰੇਸ਼ਾਨ ਕਰਨ ਦਾ ਕੋਈ ਤਰਕ ਨਹੀਂ ਬਣਦਾ, ਬਲਕਿ ਉਨ੍ਹਾਂ ਦਾ ਘਿਰਾਓ ਕਰਕੇ ਆਪਾਂ ਸੀਜਨਲ ਕੰਮ 'ਚ ਹੀ ਰੁਕਾਵਟ ਪਾ ਰਹੇ ਹਨ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਛੋਟ ਸਬੰਧੀ ਫ਼ੈਸਲਾ ਜਲਦ ਕਰਕੇ ਕਣਕ ਦੀ ਖ਼ਰੀਦ ਦਾ ਕੰਮ ਪੂਰਾ ਕੀਤਾ ਜਾਵੇ | ਜਿੱਥੇ ਪੂਰੇ ਸੰਸਾਰ 'ਚ ਕਣਕ ਦੀ ਤੋਟ ਹੋਣ ਕਰਕੇ ਇਸ ਦੀ ਅੰਤਰਰਾਸ਼ਟਰੀ ਮੰਡੀ 'ਚ ਮੰਗ ਵੱਧ ਰਹੀ ਹੈ, ਉੱਥੇ ਸਾਡਾ ਅੰਨਦਾਤਾ ਆਪਣੀ ਕਣਕ ਮੰਡੀਆਂ 'ਚ ਚੁਕਵਾਉਣ ਲਈ ਤਰਲੇ ਕਰ ਰਿਹਾ ਹੈ | ਜੇਕਰ ਸਰਕਾਰ ਸਮੇਂ ਸਿਰ ਕੋਈ ਫ਼ੈਸਲਾ ਲੈ ਕੇ ਕਣਕ ਦੀ ਚੁਕਵਾਈ ਦਾ ਪ੍ਰਬੰਧ ਨਹੀਂ ਕਰਦੀ ਤਾਂ ਮਜਬੂਰੀ ਵੱਸ ਕਿਸਾਨਾਂ ਨੂੰ ਸੰਘਰਸ਼ ਦੇ ਰਾਹ ਜਾਣਾ ਪਵੇਗਾ |