ਬਸੀ ਪਠਾਣਾਂ, 21 ਅਪ੍ਰੈਲ (ਐਚ.ਐਸ. ਗੌਤਮ)-ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਪਿਛਲੇ ਦਿਨੀਂ ਪਿੰਡ ਭਟੇੜੀ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਜਿਸ ਵਿਚ ਸਬ ਡਵੀਜ਼ਨ ਬਸੀ ਪਠਾਣਾਂ ਅਧੀਨ ਪੈਂਦੇ ਪਿੰਡ ਮੈਣਮਾਜਰੀ ਦੇ 7 ਅਤੇ ਕੱਜਲਮਾਜਰਾ ਦੇ ਵਸਨੀਕ ਦੀ ਮੌਤ ਹੋ ਚੁੱਕੀ ਹੈ | ਡਾ. ਅਮਰ ਸਿੰਘ ਨੇ ਪਿੰਡ ਮੈਣ ਮਾਜਰੀ ਪਹੁੰਚ ਕੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੀ.ਐਮ. ਰਿਲੀਫ ਫ਼ੰਡ ਵਿਚੋਂ ਮਿ੍ਤਕਾਂ ਦੇ ਪਰਿਵਾਰਾਂ ਲਈ ਵੱਧ ਤੋਂ ਵੱਧ ਮੁਆਵਜ਼ਾ ਮਨਜ਼ੂਰ ਕੀਤਾ ਜਾਵੇ ਅਤੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਅਧੀਨ ਜ਼ਖਮੀਆਂ ਲਈ ਵੀ ਤੁਰੰਤ ਆਰਥਿਕ ਸਹਾਇਤਾ ਦਿੱਤੀ ਜਾਵੇ | ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਬਲਾਕ ਪ੍ਰਧਾਨ ਅਮੀ ਚੰਦ ਭਟੇੜੀ, ਸਰਬਜੀਤ ਸਿੰਘ ਜੀਤੀ, ਐਡ. ਗੁਰਜੀਤ ਸਿੰਘ ਮਾਰਵਾ, ਹਰਸੇਵਕ ਸਿੰਘ ਕਲੌੜ, ਗੁਰਮੀਤ ਸਿੰਘ ਬਸੀ, ਰਣਜੀਤ ਤਰਖਾਣ ਮਾਜਰਾ ਤੇ ਅਸ਼ੋਕ ਗੌਤਮ ਵੀ ਹਾਜ਼ਰ ਸਨ |