ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਲਾਭ ਲਈ ਨਵੇਂ ਸਿਰਿਓਾ ਫਾਰਮ ਭਰਵਾਏ ਜਾਣ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਪਤਨੀ ਰਵਿੰਦਰ ਕੌਰ ਭੁੱਟਾ ਨੇ ਕਿਹਾ ਕਿ ਸਰਕਾਰ ਪਾਸੋਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਦੋਂ ਮਿਲੇਗਾ, ਇਸ ਬਾਰੇ ਤਾਂ ਕੁਝ ਸਪਸ਼ਟ ਨਹੀਂ, ਪਰ ਸਰਕਾਰ ਦੁਆਰਾ ਨਵੇਂ ਸਿਰਿਓਾ ਫਾਰਮ ਭਰਵਾ ਕੇ ਉਨ੍ਹਾਂ ਨੂੰ ਖੱਜਲ-ਖੁਆਰ ਜ਼ਰੂਰ ਕੀਤਾ ਜਾ ਰਿਹਾ ਹੈ | ਬੀਬੀ ਭੁੱਟਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨੂੰ ਦੱਸਣ ਕਿ ਔਰਤਾਂ ਤੋਂ ਪਹਿਲਾਂ ਭਰਵਾਏ ਗਏ ਫਾਰਮ ਕਿੱਥੇ ਹਨ? ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਔਰਤਾਂ ਦੀਆਂ ਵੋਟਾਂ ਬਟੋਰਨ ਲਈ ਇਸ ਯੋਜਨਾ ਦੇ ਲਾਭ ਲਈ ਕੋਈ ਸ਼ਰਤ ਨਹੀਂ ਰੱਖੀ ਗਈ ਸੀ ਪਰ ਹੁਣ 1500 ਸੌ ਪ੍ਰਤੀ ਮਹੀਨਾ ਦੇਣ ਦਾ ਲਾਲਚ ਦੇ ਕੇ ਉਨ੍ਹਾਂ 'ਤੇ ਜਾਤੀ ਸਰਟੀਫਿਕੇਟ ਦੀ ਸ਼ਰਤ ਲਗਾ ਦਿੱਤੀ ਗਈ ਹੈ | ਜਿਸ ਕਰਕੇ ਔਰਤਾਂ ਜਾਤੀ ਸਰਟੀਫਿਕੇਟ ਬਣਵਾਉਣ ਲਈ ਸੇਵਾ ਕੇਂਦਰਾਂ ਵਿਚ ਖੱਜਲ ਖ਼ੁਆਰ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਰਤਾਂ ਤੋਂ ਸਪਸ਼ਟ ਸੰਕੇਤ ਮਿਲ ਰਹੇ ਹਨ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੋਰਾ ਝੂਠ ਹੈ ਅਤੇ ਸਰਕਾਰ ਸ਼ਰਤਾਂ ਲਗਾ ਕੇ ਕੇਵਲ ਸਮਾਂ ਲੰਘਾਉਣਾ ਚਾਹੁੰਦੀ ਹੈ | ਬੀਬੀ ਭੁੱਟਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਔਰਤਾਂ ਦੀ ਭਲਾਈ ਲਈ ਸਕੀਮਾਂ ਚਲਾਈਆਂ ਹਨ ਅਤੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਔਰਤਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਭੁਗਤ ਕੇ ਸਰਕਾਰ ਬਣਾਉਣਗੀਆਂ | ਇਸ ਮੌਕੇ ਕਮਲਜੀਤ ਕੌਰ, ਜਸਵਿੰਦਰ ਕੌਰ, ਕੁਲਦੀਪ ਕੌਰ, ਪਿੰਕੀ, ਗੁੱਡੀ ਤੇ ਮਨਜੀਤ ਕੌਰ, ਸਤਵਿੰਦਰ ਕੌਰ ਖੇੜਾ, ਸੁਰਿੰਦਰ ਕੌਰ ਅਤੇ ਆਸ਼ੂ ਹਾਜ਼ਰ ਸਨ |