ਫ਼ਤਹਿਗੜ੍ਹ ਸਾਹਿਬ, 3 ਮਈ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ 'ਆਪ' ਵਲੰਟੀਅਰਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜੋਤੀ ਸਰੂਪ ਮੋੜ ਫ਼ਤਹਿਗੜ੍ਹ ਸਾਹਿਬ ਵਿਖੇ ਮਹਿੰਗਾਈ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਜਿਸ 'ਚ 'ਆਪ' ਦੇ ਸੀਨੀਅਰ ਆਗੂ ਐਡਵੋਕੇਟ ਕੰਵਰਵੀਰ ਸਿੰਘ ਰਾਏ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਐਡਵੋਕੇਟ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇਸ਼ ਹਿਤ ਵਿਚ ਕੰਮ ਨਹੀਂ ਕਰ ਰਹੀ, ਜਿਸ ਦਾ ਖ਼ਮਿਆਜ਼ਾ ਭਾਰਤ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿਚ ਭੁਗਤਣਾ ਪਵੇਗਾ | ਇਨ੍ਹਾਂ ਵਲੋਂ ਬਣਾਈਆਂ ਗਈਆਂ ਨੀਤੀਆਂ ਆਮ ਲੋਕਾਂ ਦੇ ਚੁੱਲੇ੍ਹ ਨੂੰ ਠੰਢਾ ਕਰ ਦੇਣਗੀਆਂ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੀਤਾ ਗਿਆ ਵਾਧਾ, ਕਮਰਸ਼ੀਅਲ ਸਿਲੰਡਰਾਂ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦੇਵੇਗਾ | ਭਾਵੇਂ ਕੋਈ ਛੋਟਾ ਕਾਰੋਬਾਰੀ ਹੋਵੇ, ਭਾਵੇਂ ਕੋਈ ਵੱਡਾ ਕਾਰੋਬਾਰੀ ਹੋਵੇ, ਹਰ ਵਿਅਕਤੀ ਨੂੰ ਆਪਣਾ ਕੰਮ ਕਾਰ ਚਲਾਉਣ ਦੇ ਵਿਚ ਵੱਡੀ ਮਸ਼ੱਕਤ ਦਾ ਸਾਹਮਣਾ ਕਰਨਾ ਪਵੇਗਾ | ਇੱਥੇ ਹੀ ਬੱਸ ਨਹੀਂ, ਆਉਣ ਵਾਲੇ ਦਿਨਾਂ ਦੇ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਆਸਮਾਨ ਨੂੰ ਛੂਹਣਗੀਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਵਲੋਂ ਅਮਰੀਕਾ ਦੇ ਨਾਲ ਨਿਭਾਈ ਜਾ ਰਹੀ ਦੋਸਤੀ, ਭਾਰਤ ਦੇ ਲੋਕਾਂ ਦਾ ਭਾਰੀ ਨੁਕਸਾਨ ਕਰੇਗੀ | ਜਿੱਥੇ ਗਰੀਬ ਹੋਰ ਗਰੀਬ ਹੋਵੇਗਾ, ਉੱਥੇ ਹੀ ਸਰਮਾਏਦਾਰੀ ਹੋਰ ਪੈਰ ਪਸਾਰੇਗੀ | ਇਸ ਮੌਕੇ ਜ਼ਿਲ੍ਹਾ ਟਰੇਡ ਵਿੰਗ ਦੇ ਪ੍ਰਧਾਨ ਅਸੀਸ ਅੱਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਪਾਰਕ ਮਾਮਲਿਆਂ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ | ਇਨ੍ਹਾਂ ਦਾ ਦਿਮਾਗ਼ ਸਿਰਫ਼ ਸੂਬਿਆਂ ਦੀਆਂ ਸਰਕਾਰਾਂ ਨੂੰ ਤੋੜ ਕੇ ਸੱਤਾ 'ਤੇ ਕਬਜ਼ਾ ਕਰਨ ਲਈ ਹੀ ਚੱਲਦਾ ਹੈ, ਜਦ ਕਿ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਇਨ੍ਹਾਂ ਵਲੋਂ ਕੋਈ ਵਧੀਆ ਪੋਲਸੀਆਂ ਨਹੀਂ ਬਣਾਈਆਂ ਗਈਆਂ ਹਨ | ਜਿਸ ਦੀ ਬਦੌਲਤ ਪੂਰੇ ਭਾਰਤ ਵਿਚ ਇਨ੍ਹਾਂ ਦਾ ਵਿਰੋਧ ਹੁੰਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਗਠਨ ਇੰਚਾਰਜ ਗੁਰਮੀਤ ਬਾਜਵਾ, ਥਾਣੇਦਾਰ ਬਲਜਿੰਦਰ ਸਿੰਘ ਅਮਨਦੀਪ ਸਿੰਘ, ਮਨਪ੍ਰੀਤ ਜੋਨੀ ਤਲਾਣੀਆ, ਨੰਬਰਦਾਰ ਜਗਰੂਪ ਸਿੰਘ, ਐਡਵੋਕੇਟ ਹਰਕਮਲ ਸਿੰਘ, ਅਸੀਸ ਸੂਦ ਆਦਿ ਵੀ ਹਾਜ਼ਰ ਸਨ |