ਫ਼ਤਹਿਗੜ੍ਹ ਸਾਹਿਬ, 6 ਮਈ (ਬਲਜਿੰਦਰ ਸਿੰਘ)-ਪੰਜਾਬ ਵਿਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਚੋਣਾਂ 'ਚ ਕਥਿਤ ਧਾਂਦਲੀ ਕਰਨ ਲਈ 'ਆਪ' ਵਲੋਂ ਪ੍ਰਸ਼ਾਸਨ ਨੂੰ ਹੱਥ ਠੋਕਾ ਬਣਾ ਕੇ ਵਰਤਿਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਵਿਧਾਇਕ ਨਾਗਰਾ ਨੇ ਕਾਂਗਰਸੀ ਆਗੂਆਂ ਸਮੇਤ ਐਸ.ਡੀ.ਐਮ ਦਫ਼ਤਰ ਫ਼ਤਹਿਗੜ੍ਹ ਸਾਹਿਬ ਪਹੁੰਚ ਕੇ ਪ੍ਰਸ਼ਾਸਨ 'ਤੇ ਧਾਂਦਲੀ ਦੇ ਗੰਭੀਰ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ 5 ਮਈ ਤੱਕ ਸਾਰੀਆਂ ਪਾਰਟੀਆਂ ਨੂੰ ਵੋਟਰ ਸੂਚੀਆਂ ਜਾਰੀ ਹੋਣੀਆਂ ਸਨ, ਪਰ ਸੱਤਾਧਾਰੀ ਪਾਰਟੀ ਤੋਂ ਇਲਾਵਾ ਹੋਰ ਕਿਸੇ ਵੀ ਸਿਆਸੀ ਪਾਰਟੀ ਨੂੰ ਇਹ ਸੂਚੀਆਂ ਮੁਹੱਈਆ ਨਹੀਂ ਕਰਵਾਈਆਂ ਗਈਆਂ, ਜੋ ਕਿ ਲੋਕਤੰਤਰਿਕ ਮਰਿਆਦਾਵਾਂ ਦੇ ਖ਼ਿਲਾਫ਼ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਲਿਖਤੀ ਅਰਜ਼ੀ ਦੇ ਕੇ ਐਸ.ਡੀ.ਐਮ ਦਫ਼ਤਰ ਤੋਂ ਵੋਟਰ ਸੂਚੀਆਂ ਦੀ ਮੰਗ ਕੀਤੀ ਗਈ ਸੀ | ਪਹਿਲਾਂ ਪ੍ਰਸ਼ਾਸਨ ਵਲੋਂ ਸੂਚੀਆਂ ਦੇਣ ਲਈ ਤਿਆਰੀ ਵੀ ਕੀਤੀ ਗਈ, ਪਰ ਆਖ਼ਰੀ ਸਮੇਂ 23 ਨੰਬਰ ਬੂਥ ਵਿਚ ਗ਼ਲਤੀ ਦਾ ਹਵਾਲਾ ਦੇ ਕੇ ਸੂਚੀਆਂ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ | ਨਾਗਰਾ ਨੇ ਸਵਾਲ ਉਠਾਇਆ ਕਿ ਜੇਕਰ ਇੱਕ ਬੂਥ ਵਿਚ ਗ਼ਲਤੀ ਹੈ ਤਾਂ ਬਾਕੀ ਸੂਚੀਆਂ ਕਿਉਂ ਰੋਕੀਆਂ ਜਾ ਰਹੀਆਂ ਹਨ?, ਉਨ੍ਹਾਂ ਦੋਸ਼ ਲਗਾਇਆ ਕਿ ਜਿਨ੍ਹਾਂ ਵੋਟਰ ਸੂਚੀਆਂ ਨੂੰ 5 ਮਈ ਨੂੰ ਜਾਰੀ ਕੀਤਾ ਜਾਣਾ ਸੀ, ਉਹ ਨਾ ਜਾਰੀ ਕਰਕੇ 6 ਮਈ ਨੂੰ ਨਵੀਂ ਚਿੱਠੀ ਜਾਰੀ ਕਰਦਿਆਂ 15 ਮਈ ਤੱਕ ਟਾਲ ਦਿੱਤਾ ਗਿਆ ਹੈ, ਜਿਸ ਨਾਲ ਸੱਤਾਧਾਰੀ ਪਾਰਟੀ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਨਾਗਰਾ ਨੇ ਕਿਹਾ ਕਿ ਉਮੀਦਵਾਰਾਂ ਲਈ ਕਲੇਮ ਅਤੇ ਇਤਰਾਜ਼ ਦੇਣ ਦੀ ਕੋਈ ਸਪਸ਼ਟ ਪ੍ਰਕਿਰਿਆ ਨਹੀਂ ਦਿੱਤੀ ਜਾ ਰਹੀ | ਜੇਕਰ 10 ਮਈ ਨੂੰ ਚੋਣਾਂ ਦਾ ਐਲਾਨ ਹੋ ਜਾਂਦਾ ਹੈ ਤਾਂ ਉਮੀਦਵਾਰਾਂ ਕੋਲ ਪ੍ਰਚਾਰ ਲਈ ਯੋਗ ਸਮਾਂ ਨਹੀਂ ਰਹੇਗਾ | ਉਨ੍ਹਾਂ ਕਿਹਾ ਕਿ ਜਿਵੇਂ ਬੰਗਾਲ ਵਿਚ ਭਾਜਪਾ 'ਤੇ ਭਾਰਤੀ ਚੋਣ ਕਮਿਸ਼ਨ ਨਾਲ ਰਲ ਕੇ ਵੋਟਾਂ ਲੁੱਟਣ ਦੇ ਦੋਸ਼ ਲੱਗ ਰਹੇ ਹਨ, ਉਸੇ ਤਰ੍ਹਾਂ ਹੁਣ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਵਲੋਂ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪਿਛਲੇ 15 ਦਿਨਾਂ ਤੋਂ ਜਨਗਣਨਾ ਅਧੀਨ ਆਬਾਦੀ ਦਾ ਰਿਕਾਰਡ ਮੰਗਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚੋਣ ਕਮਿਸ਼ਨ ਨੂੰ ਈਮੇਲ ਰਾਹੀਂ ਸ਼ਿਕਾਇਤ ਭੇਜੀ ਜਾ ਚੁੱਕੀ ਹੈ ਅਤੇ ਜ਼ਰੂਰਤ ਪੈਣ 'ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ | ਨਾਗਰਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਸੱਤਾਧਾਰੀ ਪਾਰਟੀ ਦਾ ਪੱਖ ਲੈਂਦਾ ਹੈ ਤਾਂ ਉਸ ਦਾ ਕਾਨੂੰਨੀ ਤੌਰ 'ਤੇ ਮੁਕਾਬਲਾ ਕੀਤਾ ਜਾਵੇਗਾ | ਉਨ੍ਹਾਂ ਸਟੇਟ ਚੋਣ ਕਮਿਸ਼ਨ, ਪੰਜਾਬ ਦੇ ਰਾਜਪਾਲ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਅਪੀਲ ਕੀਤੀ ਕਿ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣ ਤਾਂ ਜੋ ਲੋਕਤੰਤਰ ਦੀ ਮਰਯਾਦਾ ਕਾਇਮ ਰਹਿ ਸਕੇ | ਇਸ ਮੌਕੇ ਸਾਬਕਾ ਕੌਂਸਲ ਪ੍ਰਧਾਨ ਅਸ਼ੋਕ ਸੂਦ, ਗੁਰਪ੍ਰੀਤ ਸਿੰਘ ਲਾਲੀ, ਪਵਨ ਕਾਲੜਾ, ਜਗਜੀਤ ਸਿੰਘ ਕੋਕੀ, ਅਮਰਦੀਪ ਬੈਨੀਪਾਲ, ਨਰਿੰਦਰ ਕੁਮਾਰ ਪਿ੍ੰਸ, ਗੁਲਸ਼ਨ ਰਾਏ ਬੌਬੀ, ਅਨੰਦ ਮੋਹਨ, ਗੁਰਮੁਖ ਸਿੰਘ ਪੰਡਰਾਲੀ ਅਤੇ ਨਰਿੰਦਰ ਕੁਮਾਰ ਬਿੰਦਰ ਸਮੇਤ ਕਈ ਕਾਂਗਰਸੀ ਆਗੂ ਹਾਜ਼ਰ ਸਨ |