16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਚੋਣ ਬਿਗਲ ਵੱਜਦੇ ਹੀ ਮੰਡੀ ਗੋਬਿੰਦਗੜ੍ਹ ਦੇ ਸਾਰੇ ਵਾਰਡਾਂ 'ਚ ਤੇਜ਼ ਹੋਈ ਸਿਆਸੀ ਸਰਗਰਮੀ

Ad Position 21
No active advertisement
ਅਜੀਤ ਡੈਸਕ 13-05-2026
ਮੰਡੀ ਗੋਬਿੰਦਗੜ੍ਹ, 12 ਮਈ (ਇਕਬਾਲਦੀਪ ਸੰਧੂ)-ਚੋਣ ਕਮਿਸ਼ਨ ਵਲੋਂ ਵੋਟਿੰਗ ਅਤੇ ਨਤੀਜਿਆਂ ਦੀਆਂ ਤਰੀਕਾਂ ਜਾਰੀ ਹੁੰਦਿਆਂ ਹੀ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਮੈਦਾਨ ਵਿਚ ਸਰਗਰਮ ਹੋ ਗਈਆਂ ਹਨ | ਇਸੇ ਕੜੀ ਤਹਿਤ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਸਾਰੇ ਵਾਰਡਾਂ ਵਿਚ ਮੀਟਿੰਗਾਂ, ਜਨ ਸੰਪਰਕ ਮੁਹਿੰਮਾਂ ਅਤੇ ਘਰ-ਘਰ ਪ੍ਰਚਾਰ ਨੇ ਤੇਜ਼ੀ ਫੜ ਲਈ ਹੈ | ਭਾਵੇਂ ਗਰਮੀ ਹੈ ਫਿਰ ਵੀ ਉਮੀਦਵਾਰ ਅਤੇ ਵਰਕਰ ਲੋਕਾਂ ਤੱਕ ਪਹੁੰਚ ਬਣਾਉਣ ਵਿਚ ਜੁਟੇ ਹੋਏ ਹਨ | ਉੱਧਰ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਗਿਆ ਹੈ | ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਨਗਰ ਕੌਂਸਲ ਚੋਣਾਂ ਲਈ 13 ਤੋਂ 16 ਮਈ ਤੱਕ ਨਾਮਜ਼ਦਗੀਆਂ ਦਾਖਲ ਕਰਵਾਈਆਂ ਜਾ ਸਕਦੀਆਂ ਹਨ | ਜਦਕਿ ਨਾਮਜ਼ਦਗੀਆਂ ਦੀ ਪੜਤਾਲ 18 ਮਈ ਨੂੰ ਹੋਵੇਗੀ ਅਤੇ 19 ਮਈ ਤੱਕ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ | ਜਦਕਿ 26 ਮਈ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਵੋਟਾਂ ਬੈਲਟ ਪੇਪਰ ਰਾਹੀਂ ਪਾਈਆਂ ਜਾਣਗੀਆਂ ਅਤੇ 29 ਮਈ ਨੂੰ ਨਤੀਜੇ ਐਲਾਨੇ ਜਾਣਗੇ | ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ 29 ਵਾਰਡਾਂ ਵਿਚ 52565 ਵੋਟਰ ਹਨ, ਜਿਨ੍ਹਾਂ ਵਿਚ 27456 ਪੁਰਸ਼ ਵੋਟਰ ਅਤੇ 25108 ਮਹਿਲਾ ਵੋਟਰ ਹਨ ਅਤੇ 1 ਥਰਡ ਜੈਂਡਰ ਵੋਟਰ ਹੈ ਅਤੇ 58 ਬੂਥ ਬਣਾਏ ਗਏ ਹਨ | ਚੋਣਾਂ ਦੇ ਐਲਾਨ ਨਾਲ ਹੀ ਸ਼ਹਿਰ ਦੇ ਵੱਖ-ਵੱਖ ਸੈਕਟਰਾਂ, ਕਾਲੋਨੀਆਂ ਵਿਚ ਸਿਆਸੀ ਗਤੀਵਿਧੀਆਂ ਅਚਾਨਕ ਵੱਧ ਗਈਆਂ ਹਨ | ਸੰਭਾਵੀ ਉਮੀਦਵਾਰ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰਕੇ ਚੋਣ ਰਣਨੀਤੀ ਤਿਆਰ ਕਰ ਰਹੇ ਹਨ | ਕਈ ਥਾਵਾਂ 'ਤੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਦੀ ਕੋਸ਼ਿਸ਼ ਹੋ ਰਹੀ ਹੈ | ਚੋਣਾਂ ਤੋਂ ਪਹਿਲਾਂ ਹੀ ਉਮੀਦਵਾਰਾਂ ਨੇ ਸ਼ਹਿਰ ਵਿਚ ਬੋਰਡ ਅਤੇ ਹੋਰ ਪ੍ਰਚਾਰ ਸਮੱਗਰੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ | ਕਈ ਥਾਵਾਂ 'ਤੇ ਉਮੀਦਵਾਰਾਂ ਦੀਆਂ ਤਸਵੀਰਾਂ ਅਤੇ ਵਧਾਈ ਸੰਦੇਸ਼ ਵਾਲੇ ਹੋਰਡਿੰਗ ਲੱਗੇ ਨਜ਼ਰ ਆ ਰਹੇ ਹਨ | ਇਸ ਵਾਰ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ | ਖ਼ਾਸ ਤੌਰ 'ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਟਿਕਟਾਂ ਲਈ ਦਾਅਵੇਦਾਰਾਂ ਦੀ ਭੀੜ ਵੱਧੀ ਹੋਈ ਹੈ | ਸੱਤਾ ਵਿਚ ਹੋਣ ਕਾਰਨ ਆਮ ਆਦਮੀ ਪਾਰਟੀ ਵਲੋਂ ਟਿਕਟ ਮੰਗਣ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਜਦਕਿ ਆਮ ਆਦਮੀ ਪਾਰਟੀ ਅਤੇ ਸਥਾਨਕ ਆਗੂ ਵੀ ਦੁਬਾਰਾ ਚੋਣ ਲੜਨ ਦੀ ਤਿਆਰੀ ਵਿਚ ਹਨ | ਦੂਜੇ ਪਾਸੇ ਭਾਜਪਾ ਅਤੇ ਅਕਾਲੀ ਦਲ ਨੇ ਵੀ ਆਪਣੇ ਪੱਧਰ 'ਤੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ | ਪਾਰਟੀਆਂ ਵਲੋਂ ਉਮੀਦਵਾਰਾਂ ਦੀ ਚੋਣ ਲਈ ਕਮੇਟੀਆਂ ਬਣਾਈਆਂ ਗਈਆਂ ਹਨ | ਕਾਂਗਰਸ ਪਾਰਟੀ ਨੇ ਸੰਭਾਵੀ ਉਮੀਦਵਾਰਾਂ ਅਤੇ ਸਥਾਨਕ ਆਗੂਆਂ ਤੋਂ ਫੀਡਬੈਕ ਲੈਣਾ ਸ਼ੁਰੂ ਕਰ ਦਿੱਤਾ ਸੀ | ਇਸ ਵਾਰ ਪਾਰਟੀਆਂ ਉਨ੍ਹਾਂ ਉਮੀਦਵਾਰਾਂ 'ਤੇ ਦਾਅ ਲਗਾਉਣ ਦੀ ਯੋਜਨਾ ਬਣਾ ਰਹੀਆਂ ਹਨ, ਜਿਨ੍ਹਾਂ ਦੀ ਵਾਰਡ ਵਿਚ ਮਜ਼ਬੂਤ ਪਕੜ ਅਤੇ ਲੋਕਾਂ ਨਾਲ ਚੰਗਾ ਸੰਪਰਕ ਹੈ | ਸੋਸ਼ਲ ਮੀਡੀਆ ਵੀ ਇਸ ਵਾਰ ਚੋਣ ਪ੍ਰਚਾਰ ਦਾ ਵੱਡਾ ਹਥਿਆਰ ਬਣ ਗਿਆ ਹੈ | ਸੰਭਾਵੀ ਉਮੀਦਵਾਰ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਗਰੁੱਪਾਂ ਰਾਹੀਂ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਚੋਣ ਐਲਾਨ ਤੋਂ ਬਾਅਦ ਹੁਣ ਸ਼ਹਿਰ ਦੇ ਹਰ ਵਾਰਡ ਵਿਚ ਸਿਆਸੀ ਸਰਗਰਮੀਆਂ ਪੂਰੇ ਜੋਸ਼ ਨਾਲ ਜਾਰੀ ਹਨ |
Ad Position 22
No active advertisement
ਪਿਛਲੀ ਖ਼ਬਰ ਚੱਪੜਚਿੜੀ ਤੋਂ ਸਜਾਏ 'ਸਰਹਿੰਦ ਫ਼ਤਹਿ ਮਾਰਚ' ਦੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਸੰਪੂਰਨਤਾ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਮਜ਼ਬੂਤੀ
Ad Position 24