ਫ਼ਤਹਿਗੜ੍ਹ ਸਾਹਿਬ, 12 ਮਈ (ਬਲਜਿੰਦਰ ਸਿੰਘ)-ਸਰਹਿੰਦ ਫ਼ਤਹਿ ਦਿਵਸ ਦੀ 316ਵੀਂ ਵਰ੍ਹੇਗੰਢ ਮੌਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ ਵਲੋਂ ਗੁਰਦੁਆਰਾ ਸ੍ਰੀ ਫ਼ਤਹਿ-ਏ-ਜੰਗ ਸਾਹਿਬ ਚੱਪੜਚਿੜੀ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਵਿਸ਼ੇਸ਼ ਯਾਦਗਾਰੀ ਫ਼ਤਹਿ ਮਾਰਚ ਸਿੱਖੀ ਮਾਣ ਮਰਯਾਦਾ ਤੇ ਖ਼ਾਲਸਾਈ ਪਰੰਪਰਾਵਾਂ, ਰਹੁਰੀਤਾਂ ਅਨੁਸਾਰ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਕੱਢਿਆ ਗਿਆ | ਨਿਹੰਗ ਸਿੰਘਾਂ ਨੇ ਮਾਹੌਲ ਵਿਚ ਇਕ ਨਵੀਂ ਤਾਜ਼ਗੀ ਭਰ ਦਿੱਤੀ | ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਦਸਮ ਪਿਤਾ ਵਲੋਂ ਥਾਪੜਾ ਦੇ ਕੇ ਤੌਰੇ ਬਾਬਾ ਬੰਦਾ ਸਿੰਘ ਬਹਾਦਰ ਤੇ ਖ਼ਾਲਸਾ ਫ਼ੌਜ ਨੇ ਡੱਟ ਕੇ ਜਬਰ ਜ਼ੁਲਮ ਵਿਰੁੱਧ ਲੜਾਈ ਲੜੀ ਤੇ ਜ਼ਾਲਮਾਂ ਦਾ ਨਾਸ਼ ਕੀਤਾ ਅਤੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ | ਉਨ੍ਹਾਂ ਸਰਹਿੰਦ ਨੂੰ ਫ਼ਤਹਿ ਕਰਨ ਦਾ ਸਮੁੱਚਾ ਇਤਿਹਾਸ ਵੀ ਸੰਗਤਾਂ ਨਾਲ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਸਰਹਿੰਦ ਫ਼ਤਹਿ ਦਾ ਖ਼ਾਲਸਾ ਫ਼ੌਜਾਂ ਦਾ ਸ਼ਾਨਾਮੱਤਾ ਇਤਿਹਾਸ ਹੈ, ਜਿਸ ਤੋਂ ਹਰੇਕ ਸਿੱਖ ਨੂੰ ਜਾਣੂ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੱਜ ਵੀ ਸਾਨੂੰ ਆਪਣੇ ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ ਹੈ | ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰੁਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਭਾਈ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਪਰਮਜੀਤ ਕੌਰ ਲਾਂਡਰਾ, ਬਾਬਾ ਹਰਜਿੰਦਰ ਸਿੰਘ ਕਥਾਵਾਚਕ, ਗਿਆਨੀ ਅਵਤਾਰ ਸਿੰਘ, ਗਿਆਨੀ ਅਤਰ ਸਿੰਘ ਦਲੇਰ, ਪਰਮਿੰਦਰ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ ਵੀ ਹਾਜ਼ਰ ਸਨ | ਸਟੇਜ ਦੀ ਸੇਵਾ ਗਿਆਨੀ ਜਤਿੰਦਰ ਸਿੰਘ ਪ੍ਰਚਾਰਕ ਨੇ ਬਾਖ਼ੂਬੀ ਨਿਭਾਈ |