ਮੰਡੀ ਗੋਬਿੰਦਗੜ੍ਹ, 13 ਮਈ (ਰਾਜੇਸ਼ ਸ਼ਰਮਾ)-ਨਗਰ ਕੌਂਸਲ ਚੋਣਾਂ 2026 ਨੂੰ ਲੈ ਕੇ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ ਵਲੋਂ 29 ਵਾਰਡਾਂ 'ਚੋਂ ਆਪਣੇ 17 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ | ਇਹ ਐਲਾਨ ਸਾਬਕਾ ਮੰਤਰੀ ਤੇ ਹਲਕਾ ਅਮਲੋਹ ਦੇ ਸਾਬਕਾ ਵਿਧਾਇਕ ਰਣਦੀਪ ਸਿੰਘ ਨਾਭਾ ਦੀ ਮੌਜੂਦਗੀ ਵਿਚ ਕੀਤੀ ਪੈੱ੍ਰਸ ਕਾਨਫ਼ਰੰਸ ਦੌਰਾਨ ਕੀਤਾ ਗਿਆ | ਇਸ ਮੌਕੇ ਚੋਣ ਆਬਜ਼ਰਵਰ ਸਿਤਾਰ ਮੁਹੰਮਦ ਲਿਬੜਾ, ਜ਼ਿਲਾ ਕਾਂਗਰਸ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ ਅਤੇ ਬਲਾਕ ਪ੍ਰਧਾਨ ਸੰਜੀਵ ਦੱਤਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਆਗੂਆਂ ਨੇ ਸਾਂਝੇ ਤੌਰ 'ਤੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਕਾਂਗਰਸ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ | ਐਲਾਨੇ ਗਏ 17 ਉਮੀਦਵਾਰਾਂ ਦੀ ਸੂਚੀ ਵਿਚ ਵਾਰਡ ਨੰ. 2 ਤੋਂ ਚਰਨਜੀਤ ਬਾਜਵਾ (ਜਨਰਲ), ਵਾਰਡ ਨੰ. 8 ਤੋਂ ਟੀਨਾ ਸ਼ਰਮਾ (ਜ), ਵਾਰਡ ਨੰ. 23 ਤੋਂ ਰਾਜਿੰਦਰ ਸਿੰਘ ਬਿੱਟੂ (ਬੀ.ਸੀ.), ਵਾਰਡ ਨੰ. 13 ਤੋਂ ਤਮੰਨਾ ਸ਼ਰਮਾ (ਜ), ਵਾਰਡ ਨੰ. 10 ਤੋਂ ਅਰਵਿੰਦ ਸਿੰਗਲਾ ਬੌਬੀ (ਜ), ਵਾਰਡ ਨੰ. 17 ਤੋਂ ਹਰਦੀਪ ਕੌਰ ਸਹੋਤਾ (ਜ), ਵਾਰਡ ਨੰ. 21 ਤੋਂ ਨੀਲਮ ਰਾਣੀ (ਜਨਰਲ ਮਹਿਲਾ), ਵਾਰਡ ਨੰ. 7 ਤੋਂ ਰੇਨੂ (ਜਨਰਲ ਮਹਿਲਾ), ਵਾਰਡ ਨੰ. 9 ਤੋਂ ਨੀਤੂ ਸਿੰਘੀ (ਜਨਰਲ ਮਹਿਲਾ), ਵਾਰਡ ਨੰ. 29 ਤੋਂ ਸਵਾਤੀ ਰਾਣੀ (ਜਨਰਲ ਲੇਡੀ), ਵਾਰਡ ਨੰ. 16 ਤੋਂ ਸਤਿਆ ਰਾਣੀ (ਜ), ਵਾਰਡ ਨੰ. 22 ਤੋਂ ਪੂਨਮ ਗੁਸਾਈਾ (ਜ), ਵਾਰਡ ਨੰ. 6 ਤੋਂ ਜੰਗਸ਼ੇਰ ਬਹਾਦੁਰ ਸਿੰਘ, ਵਾਰਡ ਨੰ. 14 ਤੋਂ ਜੈਦੀਪ (ਜ), ਵਾਰਡ ਨੰ. 24 ਤੋਂ ਬਲਵਿੰਦਰ ਸਿੰਘ (ਐਸ.ਸੀ.), ਵਾਰਡ ਨੰ. 19 ਤੋਂ ਪ੍ਰੀਤੀ ਰਾਣੀ (ਜਨਰਲ ਮਹਿਲਾ) ਅਤੇ ਵਾਰਡ ਨੰ. 5 ਤੋਂ ਗਗਨਦੀਪ ਸਿੰਘ ਉੱਪਲ ਦੇ ਨਾਮ ਸ਼ਾਮਿਲ ਹਨ | ਇਸ ਮੌਕੇ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਇਸ ਵਾਰ ਵੋਟਰ ਸੂਚੀਆਂ ਵਿਚ ਵੱਡੇ ਪੱਧਰ 'ਤੇ ਅਦਲਾ-ਬਦਲੀ ਕੀਤੀ ਗਈ ਹੈ ਅਤੇ ਕਈ ਵੋਟਰਾਂ ਨੂੰ ਬਾਹਰੀ ਇਲਾਕਿਆਂ ਦੇ ਵਾਰਡਾਂ ਵਿਚ ਸ਼ਾਮਿਲ ਕੀਤਾ ਗਿਆ ਹੈ, ਜੋ ਪੂਰੀ ਤਰਾਂ ਗ਼ਲਤ ਹੈ | ਉਨਾਂ ਕਿਹਾ ਕਿ ਇਸ ਨਾਲ ਚੋਣਾਂ ਵਿਚ ਗੜਬੜ ਹੋਣ ਦੀ ਸੰਭਾਵਨਾ ਬਣਦੀ ਹੈ | ਉਨਾਂ ਦੱਸਿਆ ਕਿ ਐਸ.ਡੀ.ਐਮ. ਨੂੰ ਹਰ ਵਾਰਡ ਦੀ ਪੂਰੀ ਵੋਟਰ ਲਿਸਟ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ ਜਾ ਚੁੱਕੀ ਹੈ | ਉਨਾਂ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀ ਦੀ ਮੰਸ਼ਾ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਹੈ, ਪਰ ਕਾਂਗਰਸ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ | ਉਨਾਂ ਕਿਹਾ ਕਿ ਜੇਕਰ ਵੋਟਰ ਸੂਚੀਆਂ ਵਿਚ ਹੇਰਾਫੇਰੀ ਸਾਹਮਣੇ ਆਈ ਤਾਂ ਮਾਮਲਾ ਚੋਣ ਕਮਿਸ਼ਨ ਅਤੇ ਅਦਾਲਤ ਤੱਕ ਲੈ ਜਾਇਆ ਜਾਵੇਗਾ ਤਾਂ ਜੋ ਨਗਰ ਕੌਂਸਲ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾ ਸਕਣ | ਇਸ ਮੌਕੇ ਪਾਰਟੀ ਦੇ ਸਪੋਕਸਪਰਸਨ ਐਡਵੋਕੇਟ ਤੇਜਿੰਦਰ ਸਿੰਘ ਸਲਾਣਾ, ਬਲਾਕ ਪ੍ਰਧਾਨ ਸੰਜੀਵ ਦੱਤਾ, ਸਾਬਕਾ ਕੌਂਸਲਰ ਰਾਜਿੰਦਰ ਬਿੱਟੂ, ਜ਼ਿਲਾ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ ਬੌਬੀ, ਕਮਲਜੀਤ ਸਿੰਘ ਸੋਮਾ, ਨੀਤੂ ਸਿੰਘੀ, ਸਾਬਕਾ ਕੌਂਸਲਰ ਅਮਿਤ ਜੈ ਚੰਦ ਸ਼ਰਮਾ ਲੱਕੀ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ |