ਖਮਾਣੋਂ, 13 ਮਈ (ਜੋਗਿੰਦਰ ਪਾਲ)-ਸਤਲੋਕ ਆਸ਼ਰਮ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸੰਚਾਲਕ ਸੰਤ ਰਾਮਪਾਲ ਦੇ ਹੁਕਮਾਂ ਅਨੁਸਾਰ ਸਤਲੋਕ ਆਸ਼ਰਮ ਦੇ ਸੇਵਾਦਾਰਾਂ ਵਲੋਂ ਇਕ ਲਾਚਾਰ ਅਤੇ ਅਪਾਹਜ ਵਿਧਵਾ ਦੇ ਪਰਿਵਾਰ ਲਈ ਕੀਤਾ ਗਿਆ ਅਦਭੁਤ ਸੇਵਾ ਕਾਰਜ ਭਾਵੁਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਆਸ਼ਰਮ ਦੇ ਸੇਵਾਦਾਰਾਂ ਨੇ ਦੱਸਿਆ ਕਿ ਪਿੰਡ ਮਹਿਤਪੁਰ ਦੀ ਰਹਿਣ ਵਾਲੀ ਵਿਧਵਾ ਰੇਖਾ, ਜੋ ਸਾਲਾਂ ਤੋਂ ਗ਼ਰੀਬੀ, ਬਿਮਾਰੀ ਅਤੇ ਬੇਬਸੀ ਭਰੀ ਜ਼ਿੰਦਗੀ ਬਤੀਤ ਕਰ ਰਹੀ ਸੀ, ਨੂੰ ਸੰਤ ਰਾਮਪਾਲ ਦੀ ਅੰਨਪੂਰਨਾ ਮੁਹਿੰਮ ਦੇ ਤਹਿਤ ਪਿਛਲੇ ਅੱਠ ਮਹੀਨੇ ਤੋਂ ਸਤਲੋਕ ਆਸ਼ਰਮ ਖਮਾਣੋਂ ਵਲੋਂ ਪਰਿਵਾਰ ਨੂੰ ਲਗਾਤਾਰ 23 ਵਸਤਾਂ ਦੀ ਰਾਸ਼ਨ ਕਿੱਟ ਸਮੇਤ ਗੈਸ ਚੁੱਲ੍ਹਾ ਸਿਲੰਡਰ, ਬਰਤਨ, ਕੱਪੜੇ ਅਤੇ ਜੋੜੇ ਆਦਿ ਦੀ ਸਹਾਇਤਾ ਦਿੱਤੀ ਜਾ ਰਹੀ ਸੀ, ਹੁਣ ਦੋ ਬੈੱਡ ਰੂਮ ਸੈੱਟ ਪੱਕਾ ਮਕਾਨ ਤਿਆਰ ਕਰਕੇ ਦਿੱਤਾ ਗਿਆ | ਮਕਾਨ ਦੀਆਂ ਚਾਬੀਆਂ ਹਲਕਾ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਮੌਜੂਦਗੀ ਵਿਚ ਪਰਿਵਾਰ ਨੂੰ ਸੌਂਪੀਆਂ ਗਈਆਂ | ਇਸ ਮੌਕੇ ਘਰ ਲਈ ਲੋੜੀਂਦਾ ਸਾਰਾ ਸਮਾਨ ਵੀ ਉਪਲੱਬਧ ਕਰਵਾਇਆ ਗਿਆ, ਜਿਸ ਨਾਲ ਲਾਚਾਰ ਪਰਿਵਾਰ ਦੀਆਂ ਅੱਖਾਂ ਖ਼ੁਸ਼ੀ ਨਾਲ ਭਰ ਆਈਆਂ | ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ਸੰਤ ਰਾਮਪਾਲ ਅਤੇ ਸਤਲੋਕ ਆਸ਼ਰਮ ਖਮਾਣੋਂ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਕਿਸੇ ਲਾਚਾਰ ਵਿਧਵਾ ਨੂੰ ਸਿਰ ਉੱਤੇ ਛੱਤ ਦੇਣਾ ਸਭ ਤੋਂ ਵੱਡੀ ਮਾਨਵਤਾ ਦੀ ਸੇਵਾ ਹੈ |