ਫ਼ਤਹਿਗੜ੍ਹ ਸਾਹਿਬ, 13 ਮਈ (ਬਲਜਿੰਦਰ ਸਿੰਘ)-ਪੀ.ਓ ਸਟਾਫ਼ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਮਾਨਯੋਗ ਅਦਾਲਤ ਦੁਆਰਾ ਭਗੌੜਾ ਕਰਾਰ ਦਿੱਤੇ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਜਸਵੀਰ ਸਿੰਘ ਵਾਸੀ ਅਮਲੋਹ ਵਜੋਂ ਹੋਈ ਹੈ | ਪੀ.ਓ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਅਤੇ ਉਸ ਦੇ ਤਿੰਨ ਸਾਥੀਆਂ ਵਿਰੁੱਧ ਥਾਣਾ ਸਰਹਿੰਦ ਵਿਖੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ | ਪੁਲਿਸ ਨੇ ਉਸ ਸਮੇਂ ਇਨ੍ਹਾਂ ਕੋਲੋਂ ਦੋ ਕੁਇੰਟਲ ਭੁੱਕੀ ਚੂਰਾ ਪੋਸਤ ਅਤੇ 150 ਗਰਾਮ ਅਫ਼ੀਮ ਬਰਾਮਦ ਕੀਤੀ ਸੀ | ਹਾਲਾਂਕਿ ਇਸ ਮਾਮਲੇ ਦੇ ਬਾਕੀ ਮੁਲਜ਼ਮ ਅਦਾਲਤੀ ਕਾਰਵਾਈ ਵਿਚ ਹਿੱਸਾ ਲੈ ਰਹੇ ਸਨ, ਪਰ ਜਸਵੀਰ ਸਿੰਘ ਪੇਸ਼ੀਆਂ ਤੋਂ ਗੈਰ-ਹਾਜ਼ਰ ਰਿਹਾ | ਇਸੇ ਕਾਰਨ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਮਾਰਚ 2026 ਵਿਚ ਉਸ ਨੂੰ ਭਗੌੜਾ ਐਲਾਨ ਦਿੱਤਾ ਸੀ | ਉਨ੍ਹਾਂ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੀ.ਓ. ਸਟਾਫ਼ ਨੇ ਕਾਰਵਾਈ ਕਰਦਿਆਂ ਜਸਵੀਰ ਸਿੰਘ ਨੂੰ ਉਸ ਦੇ ਘਰ ਤੋਂ ਹੀ ਕਾਬੂ ਕੀਤਾ ਹੈ | ਜਿਸ ਸਬੰਧੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |