04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਭਾਦਲਾ ਟੋਟੇ 'ਤੇ ਲੱਗੇ ਪੱਕੇ ਮੋਰਚੇ ਕਾਰਨ ਲੋਹਾ ਉਦਯੋਗ ਠੱਪ, ਉਦਯੋਗਪਤੀਆਂ ਨੇ ਪ੍ਰਸ਼ਾਸਨ ਤੋਂ ਤੁਰੰਤ ਹੱਲ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 14-05-2026
ਮੰਡੀ ਗੋਬਿੰਦਗੜ੍ਹ, 13 ਮਈ (ਰਾਜੇਸ਼ ਸ਼ਰਮਾ)-ਲੋਹਾ ਨਗਰੀ ਅਤੇ ਖੰਨਾ ਵਿਚਕਾਰ ਜੀ.ਟੀ. ਰੋਡ 'ਤੇ ਪੈਂਦੇ ਪਿੰਡ ਭਾਦਲਾ ਨੂੰ ਜਾਂਦੀ ਸੜਕ ਦੇ ਟੋਟੇ ਤੇ ਸੜਕ ਦੀ ਖ਼ਸਤਾ ਹਾਲਤ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਵਲੋਂ ਸੜਕ ਨਿਰਮਾਣ ਦੀ ਮੰਗ ਨੂੰ ਲੈ ਕੇ ਲਗਾਏ ਗਏ ਪੱਕੇ ਮੋਰਚੇ ਕਾਰਨ ਇਲਾਕੇ ਦੀਆਂ ਲੋਹਾ ਇੰਡਸਟਰੀਆਂ ਵਿਚ ਉਤਪਾਦਨ ਅਤੇ ਸੇਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਇਸ ਕਾਰਨ ਜਿੱਥੇ ਉਦਯੋਗਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ, ਉੱਥੇ ਹੀ ਸਰਕਾਰ ਦੇ ਟੈਕਸ ਅਤੇ ਬਿਜਲੀ ਖਪਤ 'ਤੇ ਵੀ ਵੱਡਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ | ਇਸ ਸੜਕ 'ਤੇ ਸਥਿਤ ਉਦਯੋਗਪਤੀਆਂ ਨੇ ਅੱਜ ਆਈਸਰਾ ਦਫ਼ਤਰ ਵਿਖੇ ਪ੍ਰਧਾਨ ਵਿਨੋਦ ਵਸ਼ਿਸ਼ਠ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਕੀਤੀ | ਮੀਟਿੰਗ ਦੌਰਾਨ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੇ ਕੇ ਇਸ ਸਮੱਸਿਆ ਦਾ ਹੱਲ ਕੱਢਣ ਅਤੇ ਧਰਨਾਕਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਉਦਯੋਗਾਂ ਦਾ ਕੰਮਕਾਜ ਦੁਬਾਰਾ ਸ਼ੁਰੂ ਹੋ ਸਕੇ | ਇਸ ਮੌਕੇ ਆਈਸਰਾ ਦੇ ਕੌਮੀ ਪ੍ਰਧਾਨ ਵਿਨੋਦ ਵਸ਼ਿਸ਼ਠ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪ੍ਰਤੀਨਿਧੀਆਂ ਸਮੇਤ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਰਸਤੇ 'ਤੇ ਪਏ ਖੱਡਿਆਂ ਨੂੰ ਉਦਯੋਗਪਤੀਆਂ ਵਲੋਂ ਜੇ.ਸੀ.ਬੀ. ਮਸ਼ੀਨਾਂ ਲਗਾ ਕੇ ਲਗਾਤਾਰ ਠੀਕ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਧਰਨਾਕਾਰੀ ਇਸ ਗੱਲ ਨਾਲ ਸਹਿਮਤ ਹੋ ਗਏ ਹਨ ਅਤੇ ਸ਼ਾਮ 4 ਵਜੇ ਕੁਝ ਸਮੇਂ ਲਈ ਰਸਤਾ ਖੋਲ੍ਹਣ ਲਈ ਵੀ ਮੰਨ ਗਏ ਹਨ ਤਾਂ ਜੋ ਉਦਯੋਗਪਤੀ ਆਪਣਾ ਮਾਲ ਖ਼ਰੀਦ ਅਤੇ ਵੇਚ ਸਕਣ | ਉਦਯੋਗਪਤੀਆਂ ਨੇ ਮੀਟਿੰਗ ਵਿਚ ਦੱਸਿਆ ਕਿ ਧਰਨੇ ਅਤੇ ਸੜਕ ਬੰਦ ਹੋਣ ਕਾਰਨ ਭਾਦਲਾ ਰੋਡ 'ਤੇ ਸਥਿਤ ਕਰੀਬ 40 ਤੋਂ 50 ਲੋਹਾ ਉਦਯੋਗ ਪਿਛਲੇ ਇਕ ਹਫ਼ਤੇ ਤੋਂ ਬੰਦ ਪਏ ਹਨ | ਉਦਯੋਗ ਬੰਦ ਹੋਣ ਕਾਰਨ ਰੋਜ਼ਾਨਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਜਦਕਿ ਹਜ਼ਾਰਾਂ ਮਜ਼ਦੂਰਾਂ, ਦਫ਼ਤਰੀ ਕਰਮਚਾਰੀਆਂ ਅਤੇ ਟ੍ਰਾਂਸਪੋਰਟਰਾਂ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ | ਉਦਯੋਗ ਸੰਚਾਲਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਫ਼ੈਕਟਰੀਆਂ ਦੇ ਗੇਟ ਬੰਦ ਪਏ ਹਨ | ਮਸ਼ੀਨਾਂ ਬੰਦ ਹੋਣ ਕਾਰਨ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਦਕਿ ਬਿਜਲੀ ਬਿੱਲਾਂ, ਬੈਂਕ ਕਿਸ਼ਤਾਂ ਅਤੇ ਕਰਮਚਾਰੀਆਂ ਦੇ ਵੇਤਨਾਂ ਵਰਗੀਆਂ ਸਥਾਈ ਦੇਣਦਾਰੀਆਂ ਲਗਾਤਾਰ ਵੱਧ ਰਹੀਆਂ ਹਨ | ਕਈ ਉਦਯੋਗਪਤੀਆਂ ਨੇ ਚਿੰਤਾ ਜਿਤਾਈ ਕਿ ਜੇ ਜਲਦ ਹੱਲ ਨਾ ਨਿਕਲਿਆ ਤਾਂ ਉਨ੍ਹਾਂ ਨੂੰ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਜਾਣਕਾਰੀ ਅਨੁਸਾਰ ਭਾਦਲਾ ਰੋਡ ਅਤੇ ਗੁਰੂ ਕੀ ਨਗਰੀ ਇਲਾਕੇ ਵਿਚ ਸਥਿਤ ਜ਼ਿਆਦਾਤਰ ਉਦਯੋਗਾਂ ਦਾ ਕਾਰੋਬਾਰ ਇਸੇ ਮਾਰਗ ਰਾਹੀਂ ਚੱਲਦਾ ਹੈ | ਕੱਚਾ ਮਾਲ ਫ਼ੈਕਟਰੀਆਂ ਤੱਕ ਪਹੁੰਚਾਉਣ ਅਤੇ ਤਿਆਰ ਮਾਲ ਨੂੰ ਵੱਖ-ਵੱਖ ਰਾਜਾਂ ਵਿਚ ਭੇਜਣ ਲਈ ਇਹ ਸੜਕ ਮੁੱਖ ਸੰਪਰਕ ਮਾਰਗ ਮੰਨੀ ਜਾਂਦੀ ਹੈ | ਪਰ ਸੜਕ ਜਾਮ ਅਤੇ ਧਰਨੇ ਕਾਰਨ ਟਰੱਕਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ | ਦੂਜੇ ਪਾਸੇ ਫ਼ੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਦਿਹਾੜੀ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਕਾਰਨ ਆਰਥਿਕ ਤੰਗੀ ਝੱਲਣੀ ਪੈ ਰਹੀ ਹੈ | ਟ੍ਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਮਾਲ ਦੀ ਢੁਆਈ ਪੂਰੀ ਤਰ੍ਹਾਂ ਰੁਕ ਜਾਣ ਕਾਰਨ ਟਰੱਕ ਖੜ੍ਹੇ ਹਨ ਅਤੇ ਡਰਾਈਵਰਾਂ ਤੇ ਹੈਲਪਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸੜਕ ਬੰਦ ਰਹਿਣ ਨਾਲ ਪੂਰੇ ਉਦਯੋਗਿਕ ਖੇਤਰ ਦੀਆਂ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਹਨ | ਇਸ ਮੌਕੇ ਮੱਖਣ ਸਿੰਘ, ਬਲਦੇਵ ਰਾਜ, ਜਿਤੇਨ ਗੋਇਲ, ਘਨਸ਼ਿਆਮ ਦਾਸ, ਗੋਮਸੀ ਬਾਂਸਲ, ਡਿੰਪਲ ਭੱਟ, ਵਿਪਨ ਘਈ, ਮੋਹਨ ਸਿੰਘ, ਭੋਲਾ, ਰਾਜਿੰਦਰ ਸਿੰਘੀ, ਅਜੈ ਗੁਪਤਾ, ਅੰਸ਼ੁਲ, ਕਾਲੀ ਚਰਨ, ਅਕਸ਼ੈ ਅਤੇ ਪਿਆਰਾ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਦੌਰਾਨ ਮੁੱਖ ਮੰਤਰੀ ਦਾ ਫੂਕਿਆ ਪੁਤਲਾ
Ad Position 24