ਫ਼ਤਹਿਗੜ੍ਹ ਸਾਹਿਬ, 14 ਮਈ (ਰਾਜਿੰਦਰ ਸਿੰਘ)-ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਵਿੰਦਰ ਕੌਰ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਸਰਕਾਰੀ ਸੀਨੀ: ਸੈਕੰ: ਸਕੂਲ ਚਨਾਰਥਲ ਕਲਾਂ, ਸਕੂਲ ਆਫ਼ ਐਮੀਨੈਂਸ ਅਮਲੋਹ ਅਤੇ ਪੀ.ਐਮ ਸ੍ਰੀ ਸਰਕਾਰੀ ਕੰਨਿਆ ਸੀ: ਸੈਕੰ: ਸਕੂਲ ਅਮਲੋਹ ਦੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨਾਲ ਉਚੇਚੇ ਤੌਰ ਤੇ ਮੁਲਾਕਾਤ ਕੀਤੀ ਗਈ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਮਹਾਨ ਸਾਹਿਤਕਾਰਾਂ ਦੀਆਂ ਕਿਤਾਬਾਂ ਤੋਹਫ਼ੇ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ | ਗੱਲਬਾਤ ਦੌਰਾਨ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਟੀਚੇ ਬਾਰੇ ਦੱਸਿਆ ਕਿ ਉਹ ਅੱਗੇ ਜਾ ਕੇ ਆਈ.ਏ.ਐੱਸ, ਜੱਜ ਅਤੇ ਡਾਕਟਰ ਬਣਨਾ ਚਾਹੁੰਦੇ ਹਨ | ਡੀ.ਈ.ਓ ਨੇ ਵੀ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਨਾਲ ਮੰਜ਼ਿਲ ਸਰ ਕਰਨ ਦੇ ਗੁਰ ਦੱਸੇ | ਉਨ੍ਹਾਂ ਅਧਿਆਪਕਾਂ, ਮਾਪਿਆਂ ਅਤੇ ਸਕੂਲ ਮੁਖੀਆਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਪਿ੍ੰਸੀਪਲ ਆਰ.ਕੇ. ਸ਼ਰਮਾ, ਇੰਚਾਰਜ ਪ੍ਰੇਮ ਲਤਾ, ਕੁਲਦੀਪ ਸਿੰਘ ਲੈਕਚਰਾਰ, ਪਿ੍ੰਸੀਪਲ ਇਕਬਾਲ ਸਿੰਘ, ਪਿ੍ੰਸੀਪਲ ਹਰਦੀਪ ਕੌਰ, ਬੀ.ਆਰ.ਸੀ ਜਤਿੰਦਰ ਸਿੰਘ, ਅਵੀ ਛਾਬੜਾ ਅਤੇ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ |