ਫ਼ਤਹਿਗੜ੍ਹ ਸਾਹਿਬ, 20 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੋਸ਼ ਲਗਾਇਆ ਕਿ ਪੰਜਾਬ ਵਿਚ ਅਮਨ ਕਾਨੂੰਨ ਦੇ ਹਾਲਾਤ ਬਿਹਾਰ ਨਾਲੋਂ ਵੀ ਮਾੜੇ ਹੋ ਗਏ ਹਨ, ਕਿਉਂਕਿ ਰੋਜ਼ਾਨਾ ਕਤਲੋਗਾਰਤ ਦੀਆਂ ਵਾਪਰ ਰਹੀਆਂ ਅਪਰਾਧਿਕ ਵਾਰਦਾਤਾਂ ਕਾਰਨ ਸੂਬੇ ਦਾ ਹਰੇਕ ਅਮਨ ਪਸੰਦ ਨਾਗਰਿਕ ਅੱਜ ਆਪਣੇ ਆਪ ਨੂੰ ਘਰਾਂ ਵਿਚ ਵੀ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਜਿਸ ਦਾ ਮੁੱਖ ਕਾਰਨ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਇਨ੍ਹਾਂ ਅਪਰਾਧਿਕ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਕੋਈ ਠੋਸ ਕਦਮ ਨਾ ਚੁੱਕੇ ਜਾਣਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਪੈੱ੍ਰਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਜਾਂਦਾ ਹੈ ਕਿ ਦੋਸ਼ੀ ਛੇਤੀ ਫੜ ਲਏ ਜਾਣਗੇ, ਪਰ ਜ਼ਮੀਨੀ ਪੱਧਰ 'ਤੇ ਕੁੱਝ ਨਹੀਂ ਹੁੰਦਾ | ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਰੋਜ਼ਾਨਾ ਪਿੰਡਾਂ ਤੇ ਸ਼ਹਿਰਾਂ 'ਚੋਂ ਸੋਨੇ ਦੇ ਗਹਿਣਿਆਂ ਦੀ ਝਪਟਮਾਰੀ ਦੀਆਂ ਘਟਨਾਵਾਂ, ਪਸ਼ੂ ਚੋਰੀ, ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲ ਚੋਰੀ ਕਰਨਾ ਅਤੇ ਛੋਟੇ ਬੱਚਿਆਂ ਨੂੰ ਅਗਵਾ ਕਰਨ ਦੀ ਸੰਗੀਨ ਵਾਰਦਾਤਾਂ ਵਾਪਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੁਆਰਾ ਕੋਈ ਕਾਰਵਾਈ ਨਾ ਕਰਨਾ ਇਹ ਸੰਕੇਤ ਦੇ ਰਿਹਾ ਹੈ ਕਿ ਪੰਜਾਬ ਵਿਚ ਕਾਨੂੰਨ ਦਾ ਰਾਜ ਨਹੀਂ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਿਚ ਦੁਬਾਰਾ ਆਪਣੀ ਸਰਕਾਰ ਬਣਾਉਣ ਲਈ ਰੈਲੀਆਂ ਕਰ ਰਹੇ ਹਨ ਅਤੇ ਪੰਜਾਬ ਪੁਲਿਸ ਰੈਲੀਆਂ ਦਾ ਇਕੱਠ ਵਧਾਉਣ ਅਤੇ ਮੁੱਖ ਮੰਤਰੀ ਦੇ ਰੂਟ ਦੀ ਪਹਿਰੇਦਾਰੀ ਕਰ ਰਹੀ ਹੈ, ਪਰ ਆਮ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਛੱਡੀ ਹੋਈ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਦੇ ਆਗੂ ਭਗਵੰਤ ਮਾਨ ਦੀਆਂ ਗਿੱਦੜ ਭੱਬਕੀਆਂ ਤੋਂ ਹੀ ਡਰੀ ਜਾ ਰਹੇ ਹਨ ਕਿ ਕਿਤੇ ਭਗਵੰਤ ਮਾਨ ਸਾਡੀ ਫਾਈਲ ਹੀ ਨਾ ਖੋਲ੍ਹ ਲਵੇ ਜਾਂ ਸਾਡੀ ਸੁਰੱਖਿਆ ਹੀ ਵਾਪਸ ਨਾ ਲੈ ਲਵੇ | ਅਜਿਹੇ ਹਾਲਾਤਾਂ ਵਿਚ ਪੰਜਾਬ ਦਾ ਕੀ ਬਣੇਗਾ, ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ |