ਰਾਜਪੁਰਾ, 20 ਮਈ (ਰਣਜੀਤ ਸਿੰਘ)-ਰਾਜਪੁਰਾ-ਪਟਿਆਲਾ ਬਾਈਪਾਸ 'ਤੇ ਬਣੇ ਰੇਲਵੇ ਓਵਰਬਿ੍ਜ ਦੇ ਹੇਠਾਂ ਇਕ ਮੈਰਿਜ ਪੈਲੇਸ ਦੇ ਸਾਹਮਣੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਗੋਲੀ ਚੱਲਣ ਨਾਲ ਹਲਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਜਾਣਕਾਰੀ ਮੁਤਾਬਿਕ ਰੇਲਵੇ ਓਵਰਬਿ੍ਜ ਦੇ ਹੇਠਾਂ ਇਕ ਵਿਅਕਤੀ ਜਿਹੜਾ ਕਿ ਬਸੰਤਪੁਰਾ ਸਾਈਡ ਦਾ ਦੱਸਿਆ ਜਾ ਰਿਹਾ ਹੈ ਉਸ ਵਲੋਂ ਗੋਲੀ ਚਲਾਈ ਗਈ ਹੈ | ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਵੇਂ ਇਸ ਨਾਲ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ | ਪਰ ਸ਼ਹਿਰ 'ਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਈਆਂ ਦੇ ਦਿਲਾਂ ਦੀ ਧੜਕਣ ਤੇਜ਼ ਹੋ ਗਈ ਹੈ | ਗੋਲੀ ਚੱਲਣ ਨੂੰ ਲੈ ਕੇ ਸ਼ਹਿਰ ਵਿਚ ਕਈ ਤਰ੍ਹਾਂ ਦੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ | ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ | ਇਸ ਸੰਬੰਧ ਵਿਚ ਪੁਲਿਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਘਟਨਾ ਬਾਰੇ ਛਾਣਬੀਣ ਕੀਤੀ ਜਾ ਰਹੀ ਹੈ | ਗੋਲੀ ਚਲਾਉਣ ਵਾਲੇ ਵਿਅਕਤੀ ਦੇ ਘਰਦਿਆਂ ਨੂੰ ਬੁਲਾਇਆ ਗਿਆ ਹੈ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਗੋਲੀ ਕਿਉਂ ਚਲਾਈ ਗਈ ਹੈ | ਪੁਲਿਸ ਘਟਨਾ ਦੀ ਜਾਂਚ 'ਚ ਜੁੱਟ ਗਈ ਹੈ |