ਭਾਦਸੋਂ, 20 ਮਈ (ਗੁਰਬਖ਼ਸ਼ ਸਿੰਘ ਵੜੈਚ)-ਨਗਰ ਪੰਚਾਇਤ ਭਾਦਸੋਂ ਦੇ ਸਮੂਹ ਸਫ਼ਾਈ ਸੇਵਕਾਂ ਵਲੋਂ ਕੰਮ ਛੋੜ ਹੜਤਾਲ ਤੇ ਧਰਨਾ 15ਵੇਂ ਦਿਨ ਵੀ ਜਾਰੀ ਹੈ | ਧਰਨੇ ਦੇ ਪੰਦਰ੍ਹਵੇਂ ਦਿਨ ਵਪਾਰ ਮੰਡਲ ਭਾਦਸੋਂ ਦੇ ਪ੍ਰਮੁੱਖ ਆਗੂਆਂ ਅਤੇ ਗੁਰਦੁਆਰਾ ਸਿੰਘ ਸਭਾ ਭਾਦਸੋਂ ਦੀ ਮੈਨੇਜਮੈਂਟ ਕਮੇਟੀ ਨੇ ਸਫ਼ਾਈ ਕਰਮਚਾਰੀ ਧਰਨੇ ਵਿਚ ਸ਼ਿਰਕਤ ਕੀਤੀ ਤੇ ਉਨ੍ਹਾਂ ਦੇ ਸ਼ਾਂਤਮਈ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ | ਵਪਾਰੀ ਤੇ ਧਾਰਮਿਕ ਆਗੂ ਰਣਧੀਰ ਸਿੰਘ ਢੀਂਡਸਾ ਨੇ ਸਫ਼ਾਈ ਸੇਵਕਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਫ਼ਾਈ ਕਰਮਚਾਰੀ ਸਾਡੇ ਸਮਾਜ ਦਾ ਉਹ ਮਹੱਤਵਪੂਰਨ ਅੰਗ ਹਨ ਜੋ ਬਹੁਤ ਨਿਗੂਣੀਆਂ ਤਨਖ਼ਾਹਾਂ ਉੱਤੇ ਸ਼ਹਿਰ ਨੂੰ ਸਾਫ਼ ਰੱਖਣ ਦਾ ਕੰਮ ਕਰਦੇ ਨੇ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ 'ਤੇ ਤੁਰੰਤ ਧਿਆਨ ਦੇ ਕੇ ਹੜਤਾਲ ਖ਼ਤਮ ਕਰਵਾਈ ਜਾਵੇ ਕਿਉਂਕਿ 15 ਦਿਨ ਤੋਂ ਸ਼ਹਿਰ ਵਿਚ ਸਫ਼ਾਈ ਨਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ | ਇਸ ਮੌਕੇ ਟਰੇਡ ਯੂਨੀਅਨ ਫੈਡਰੇਸ਼ਨ ਦੇ ਸੂਬਾਈ ਆਗੂ ਮੰਗਾ ਸਿੰਘ ਸੁਧੇਵਾਲ, ਨਗਰ ਪੰਚਾਇਤ ਭਾਦਸੋਂ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਤੇ ਹੋਰ ਯੂਨੀਅਨ ਆਗੂਆਂ ਨੇ ਸ਼ਹਿਰ ਦੀਆਂ ਵੱਖ-ਵੱਖ ਵਪਾਰੀ ਐਸੋਸੀਏਸ਼ਨਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਵੱਖ-ਵੱਖ ਸਮਾਜਿਕ ਪਹਿਲੂਆਂ 'ਤੇ ਚਰਚਾ ਕੀਤਾ | ਵਪਾਰ ਮੰਡਲ ਦੇ ਮੀਤ ਪ੍ਰਧਾਨ ਡਿੰਪਲ ਅਗਰਵਾਲ, ਜਨਰਲ ਸਕੱਤਰ ਬੱਬੀ ਰੰਘੇੜੀ ਤੇ ਖ਼ਜ਼ਾਨਚੀ ਰਜਿੰਦਰ ਖਨੌੜਾ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਵਪਾਰ ਮੰਡਲ ਉਨ੍ਹਾਂ ਦੀ ਕਿਸੇ ਵੀ ਸਥਾਨਕ ਜਾਂ ਸੂਬਾ ਪੱਧਰੀ ਕਾਲ 'ਤੇ ਲੋੜੀਂਦਾ ਐਕਸ਼ਨ ਲਏਗਾ |