ਨਾਮਜ਼ਦਗੀ ਰੱਦ ਹੋਣ ਦਾ ਮਾਮਲਾ ਹਾਈ ਕੋਰਟ ਪਹੁੰਚਿਆ
ਅਜੀਤ ਡੈਸਕ
21-05-2026
'ਆਪ' ਉਮੀਦਵਾਰ ਨੂੰ ਛੱਡ ਬਾਕੀ ਸਾਰੇ ਉਮੀਦਵਾਰਾਂ ਦੇ ਕਾਗ਼ਜ਼ ਕੀਤੇ ਗਏ ਰੱਦ
ਦੱਸ ਦੇਈਏ ਕਿ ਸ਼ਹਿਰ ਦੇ ਵਾਰਡ ਨੰਬਰ. 9 ਵਿਚ ਕਾਂਗਰਸ ਦੀ ਮਹਿਲਾ ਉਮੀਦਵਾਰ ਨੀਤੂ ਸਿੰਘੀ ਅਤੇ ਭਾਜਪਾ ਉਮੀਦਵਾਰ ਪਿ੍ਯੰਕਾ ਗੋਇਲ ਦੇ ਨਾਲ ਹੋਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ | ਵਿਰੋਧੀ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰਾਂ 'ਤੇ ਇਤਰਾਜ਼ ਜਿਤਾਉਣ ਤੋਂ ਬਾਅਦ ਚੋਣ ਅਧਿਕਾਰੀਆਂ ਨੇ ਬਾਕੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰ ਦਿੱਤੇ ਸਨ |
ਕਾਂਗਰਸੀ ਉਮੀਦਵਾਰ ਨੀਤੂ ਸਿੰਘੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ
ਇਸ ਕਾਰਵਾਈ ਨੂੰ ਗ਼ਲਤ ਕਰਾਰ ਦਿੰਦਿਆਂ ਕਾਂਗਰਸੀ ਉਮੀਦਵਾਰ ਨੀਤੂ ਸਿੰਘੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ | ਇਸ ਸਬੰਧੀ ਚੋਣ ਕਮਿਸ਼ਨ ਪੰਜਾਬ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ, ਜਿਸ ਵਿਚ ਨਾਮਜ਼ਦਗੀ ਪੱਤਰ ਦੇ ਰੱਦ ਕਰਨ ਦੀ ਕਾਰਵਾਈ ਨੂੰ ਗ਼ੈਰਕਾਨੰੂਨੀ ਦੱਸਦੇ ਹੋਏ ਨਿਰਪੱਖ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ ਹੈ | ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਉਮੀਦਵਾਰਾਂ ਵਲੋਂ ਸਾਰੇ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਜਮ੍ਹਾਂ ਕਰਵਾਏ ਗਏ ਸਨ, ਇਸ ਦੇ ਬਾਵਜੂਦ ਵੀ ਨਾਮਜ਼ਦਗੀ ਪੱਤਰ ਗ਼ਲਤ ਢੰਗ ਨਾਲ ਰੱਦ ਕੀਤੇ ਗਏ | ਮਾਮਲੇ ਵਿਚ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਵੀ ਲਗਾਏ ਗਏ ਹਨ |
ਭਾਜਪਾ ਉਮੀਦਵਾਰ ਪਿ੍ਯੰਕਾ ਗੋਇਲ ਨੇ ਚੋਣ ਕਮਿਸ਼ਨ ਅਤੇ ਗਵਰਨਰ ਹਾਊਸ ਵਿਚ ਦਰਜ ਕਰਵਾਈ ਸ਼ਿਕਾਇਤ
ਉੱਧਰ ਵਾਰਡ ਨੰਬਰ. 9 ਤੋਂ ਭਾਜਪਾ ਉਮੀਦਵਾਰ ਪਿ੍ਯੰਕਾ ਗੋਇਲ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਬਾਅਦ ਉਨ੍ਹਾਂ ਵਲੋਂ ਵੀ ਚੋਣ ਕਮਿਸ਼ਨ ਅਤੇ ਗਵਰਨਰ ਹਾਊਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ | ਸ਼ਿਕਾਇਤ ਵਿਚ ਨਾਮਜ਼ਦਗੀ ਰੱਦ ਕਰਨ ਦੇ ਹੁਕਮਾਂ 'ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਰਿਟਰਨਿੰਗ ਅਫ਼ਸਰ ਅਮਲੋਹ ਨੂੰ ਬਰਖ਼ਾਸਤ ਕਰਨ ਦੀ ਮੰਗ ਵੀ ਉਠਾਈ ਗਈ ਹੈ |
ਮਾਮਲੇ ਵਿਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਲਗਾਤਾਰ ਕੀਤੇ ਦੋ ਟਵੀਟ
ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਪੱਧਰ 'ਤੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ | ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਲਗਾਤਾਰ ਦੋ ਟਵੀਟ ਕਰਕੇ ਪੰਜਾਬ ਸਰਕਾਰ ਅਤੇ ਚੋਣ ਪ੍ਰਕਿਰਿਆ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ | ਮਜੀਠੀਆ ਨੇ ਆਪਣੇ ਟਵੀਟ ਵਿਚ ਲਿਖਿਆ ਕਿ 'ਇਹ ਚੋਣ ਜਿੱਤ ਨਹੀਂ, ਸਗੋਂ ਪ੍ਰਕਿਰਿਆ ਨਾਲ ਛੇੜਛਾੜ ਕਰਕੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ' | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਪੰਜਾਬ ਵਿਚ ਅਸਲ ਚੋਣਾਂ ਹੋ ਰਹੀਆਂ ਹਨ ਜਾਂ ਫਿਰ ਪਹਿਲਾਂ ਤੋਂ ਤੈਅ ਨਤੀਜਿਆਂ ਵਾਲਾ ਰਾਜਨੀਤਿਕ ਪ੍ਰਬੰਧਿਤ ਅਭਿਆਸ 'ਪੋਲੀਟਕਲ ਮੈਨੇਜਡ ਐਕਸਰਸਾਈਜ਼' ਚੱਲ ਰਿਹਾ ਹੈ | ਮਜੀਠੀਆ ਨੇ ਕਿਹਾ ਕਿ ਜੇਕਰ ਵਿਰੋਧੀਆਂ ਨੂੰ ਚੋਣ ਮੈਦਾਨ ਤੋਂ ਹੀ ਬਾਹਰ ਕੀਤਾ ਜਾਵੇ ਤਾਂ ਇਸ ਨੂੰ ਲੋਕਤੰਤਰ ਨਹੀਂ, ਸਗੋਂ 'ਸਰਕਾਰੀ ਸਿਲੈੱਕਸ਼ਨ' ਕਿਹਾ ਜਾਵੇਗਾ | ਉਨ੍ਹਾਂ ਤੰਜ਼ ਕੱਸਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਲੋਕ ਸਰਕਾਰ ਚੁਣਨ ਅਤੇ ਤਾਕਤ ਦਾ ਇਸਤੇਮਾਲ ਕਰਨ ਲਈ ਮੈਦਾਨ ਵਿਚ ਭੇਜਦੇ ਹਨ, ਉਹ ਲੋਕਤੰਤਰ ਦੇ ਰਖਵਾਲੇ ਨਹੀਂ, ਬਲਕਿ ਲੋਕਤੰਤਰ ਦੇ ਕਾਤਲ ਹਨ | ਇਸ ਦੇ ਨਾਲ ਹੀ ਮਜੀਠੀਆ ਨੇ ਆਪਣੇ ਹੋਰ ਟਵੀਟ ਵਿਚ ਦਾਅਵਾ ਕੀਤਾ ਕਿ ਮੰਡੀ ਗੋਬਿੰਦਗੜ੍ਹ ਦਾ 'ਸੋਫਤ ਮਾਡਲ' ਲੋਕਤੰਤਰ ਦੇ ਕਤਲ ਦੀ ਨਵੀਂ ਮਿਸਾਲ ਬਣ ਰਿਹਾ ਹੈ | ਉਨ੍ਹਾਂ ਕਿਹਾ ਕਿ ਐਡੀਸ਼ਨਲ ਐਡਵੋਕੇਟ ਜਨਰਲ ਵੀ ਸੋਫ਼ਤ ਦੀ ਮਾਤਾ ਖ਼ਿਲਾਫ਼ ਸੋਫ਼ਤ ਨੂੰ ਜਿਤਾਉਣ ਲਈ ਬਾਕੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਵਿਚ ਲੱਗੇ ਹੋਏ ਹਨ |
ਆਮ ਆਦਮੀ ਪਾਰਟੀ ਨੇ ਲੋਕਤੰਤਰ ਦਾ ਕਤਲ ਕੀਤਾ-ਰਣਦੀਪ ਨਾਭਾ
ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਅੱਜ ਆਪਣੇ ਦਫ਼ਤਰ ਵਿਚ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਵਾਰਡ ਨੰਬਰ. 9 ਦੇ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਪਟੀਸ਼ਨ ਵਿਚ ਰਿਟਰਨਿੰਗ ਅਫ਼ਸਰ, ਨਗਰ ਕੌਂਸਲ ਦੇ ਕਾਰਜਕਾਰੀ ਅਫ਼ਸਰ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਪਾਰਟੀ ਬਣਾਇਆ ਗਿਆ ਹੈ | ਰਣਦੀਪ ਸਿੰਘ ਨਾਭਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਦਬਾਅ ਦੀ ਰਾਜਨੀਤੀ ਕਰਦਿਆਂ ਵਾਰਡ ਨੰਬਰ. 9 ਤੋਂ ਮਜ਼ਬੂਤ ਉਮੀਦਵਾਰ ਨੀਤੂ ਸਿੰਘੀ ਅਤੇ ਹੋਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਏ ਹਨ, ਜੋ ਪੂਰੀ ਤਰ੍ਹਾਂ ਗ਼ਲਤ ਹੈ | ਉਨ੍ਹਾਂ ਕਿਹਾ ਕਿ ਕਾਗ਼ਜ਼ ਰੱਦ ਕਰਨ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ | ਹੁਣ ਇਸ ਪੂਰੇ ਮਾਮਲੇ 'ਤੇ ਲੋਕਾਂ ਦੀਆਂ ਨਜ਼ਰਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ 'ਤੇ ਟਿਕੀਆਂ ਹੋਈਆਂ ਹਨ |