ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਰਹਿੰਦ ਵਿਚ ਬਿਊਟੀ ਐਂਡ ਵੇਲਨੈੱਸ ਦੀ ਨਵੀਂ ਵੋਕੇਸ਼ਨਲ ਟ੍ਰੇਨਰ ਅਨੁਰਾਧਾ ਪਾਠਕ ਨੇ ਪਿ੍ੰਸੀਪਲ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਆਪਣਾ ਕਾਰਜਭਾਰ ਸੰਭਾਲਿਆ | ਇਸ ਮੌਕੇ ਪਿ੍ੰਸੀਪਲ ਤੇ ਪੂਰੇ ਸਟਾਫ਼ ਨੇ ਸਕੂਲ ਨਾਲ ਜੁੜਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ | ਸਟਾਫ਼ ਨੂੰ ਸੰਬੋਧਨ ਕਰਦਿਆਂ ਪਾਠਕ ਨੇ ਭਰੋਸਾ ਦਿਵਾਇਆ ਕਿ ਉਹ ਵਿਦਿਆਰਥੀਆਂ ਦੇ ਚੰਗੇ ਭਵਿੱਖ ਅਤੇ ਸਰਵਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ, ਲਗਨ ਅਤੇ ਸਮਰਪਣ ਨਾਲ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਕਿਲ-ਬੇਸਡ ਸਿੱਖਿਆ ਦੀ ਬਹੁਤ ਮਹੱਤਤਾ ਹੈ ਅਤੇ ਉਹ ਵਿਦਿਆਰਥੀਆਂ ਨੂੰ ਆਤਮਨਿਰਭਰ, ਆਤਮਵਿਸ਼ਵਾਸੀ ਅਤੇ ਕਰੀਅਰ ਪ੍ਰਤੀ ਜਾਗਰੂਕ ਬਣਾਉਣ ਲਈ ਯਤਨਸ਼ੀਲ ਰਹਿਣਗੇ | ਉਨ੍ਹਾਂ ਦੱਸਿਆ ਕਿ ਪ੍ਰਸਿੱਧ ਸੈਲੂਨਾਂ ਅਤੇ ਬਿਊਟੀ ਮਾਹਿਰਾਂ ਦੇ ਸਹਿਯੋਗ ਨਾਲ ਖ਼ਾਸ ਟ੍ਰੇਨਿੰਗ ਪ੍ਰੋਗਰਾਮ, ਵਰਕਸ਼ਾਪਾਂ ਅਤੇ ਪ੍ਰੈਕਟੀਕਲ ਸੈਸ਼ਨ ਕਰਵਾਏ ਜਾਣਗੇ | ਇਨ੍ਹਾਂ ਉਪਰਾਲਿਆਂ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਗਿਆਨ ਮਿਲੇਗਾ, ਉਨ੍ਹਾਂ ਦੇ ਪੇਸ਼ੇਵਰ ਹੁਨਰ ਵਿਚ ਵਾਧਾ ਹੋਵੇਗਾ ਅਤੇ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਹੋਣਗੇ | ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਦੇ ਸਕਾਰਾਤਮਿਕ ਦਿ੍ਸ਼ਟੀਕੋਣ ਦੀ ਸਰਾਹਨਾ ਕਰਦਿਆਂ ਵਿਸ਼ਵਾਸ ਜਿਤਾਇਆ ਕਿ ਉਨ੍ਹਾਂ ਦਾ ਯੋਗਦਾਨ ਸਕੂਲ ਵਿਚ ਵੋਕੇਸ਼ਨਲ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਏਗਾ |