ਮੰਡੀ ਗੋਬਿੰਦਗੜ੍ਹ, 25 ਮਈ (ਇਕਬਾਲਦੀਪ ਸੰਧੂ)-ਅੱਤ ਦੀ ਗਰਮੀ ਵਿਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅੱਜ ਵੋਟਾਂ ਲਈ ਬੈਲਟ ਪੇਪਰਾਂ 'ਤੇ ਠੱਪੇ ਲੱਗਣ ਜਾ ਰਹੇ ਹਨ, ਪਰ ਇਸ ਵਾਰ ਚੋਣ ਮਾਹੌਲ ਪਿਛਲੀਆਂ ਚੋਣਾਂ ਨਾਲੋਂ ਕਾਫ਼ੀ ਵੱਖਰਾ ਅਤੇ ਤਣਾਅ ਭਰਿਆ ਦਿਖਾਈ ਦੇ ਰਿਹਾ ਹੈ | ਇਕ ਪਾਸੇ ਵੋਟਰਾਂ ਦੀ ਚੁੱਪੀ ਨੇ ਇਸ ਵਾਰ ਉਮੀਦਵਾਰਾਂ ਅਤੇ ਵੱਡੇ ਸਿਆਸੀ ਲੀਡਰਾਂ ਦੀ ਨੀਂਦ ਉਡਾ ਦਿੱਤੀ ਹੈ | ਦੂਜੇ ਪਾਸੇ ਸ਼ਹਿਰ ਦੇ ਗਲੀਆਂ-ਮੁਹੱਲਿਆਂ ਵਿਚ ਚਰਚਾ ਤਾਂ ਬਹੁਤ ਹੈ, ਪਰ ਵੋਟਰ ਖੁੱਲ੍ਹ ਕੇ ਆਪਣਾ ਰੁਝਾਨ ਜ਼ਾਹਿਰ ਕਰਨ ਤੋਂ ਬਚ ਰਹੇ ਹਨ | ਇਸ ਚੁੱਪੀ ਨੂੰ ਸਿਆਸੀ ਮਾਹਿਰ ਵੱਡੇ ਬਦਲਾਅ ਦਾ ਸੰਕੇਤ ਮੰਨ ਰਹੇ ਹਨ | ਚੋਣ ਮੈਦਾਨ ਵਿਚ ਉੱਤਰੇ ਕਈ ਉਮੀਦਵਾਰਾਂ ਲਈ ਇਸ ਵਾਰ ਸਭ ਤੋਂ ਵੱਡੀ ਚੁਣੌਤੀ ਪਿਛਲੇ ਕੌਂਸਲਰਾਂ ਦੀ ਕਾਰਗੁਜ਼ਾਰੀ ਬਣੀ ਹੋਈ ਹੈ | ਲੋਕਾਂ ਵਿਚ ਵਿਕਾਸ ਕੰਮਾਂ ਦੀ ਘਾਟ, ਗੰਦਗੀ, ਟੁੱਟੀਆਂ ਸੜਕਾਂ, ਸੀਵਰੇਜ ਅਤੇ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਲੈ ਕੇ ਭਾਰੀ ਨਾਰਾਜ਼ਗੀ ਦੇਖੀ ਜਾ ਰਹੀ ਹੈ | ਕਈ ਵਾਰਡਾਂ ਵਿਚ ਲੋਕ ਖੁੱਲ੍ਹੇਆਮ ਕਹਿ ਰਹੇ ਹਨ ਕਿ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਹੀਂ ਹੋਏ, ਜਿਸ ਕਾਰਨ ਇਸ ਵਾਰ ਵੋਟ ਪਾਉਣ ਤੋਂ ਪਹਿਲਾਂ ਵੋਟਰ ਸੋਚ-ਵਿਚਾਰ ਕਰ ਰਿਹਾ ਹੈ | ਦੂਜੇ ਪਾਸੇ ਸੱਤਾਧਾਰੀ ਪਾਰਟੀ ਵਲੋਂ ਧੱਕੇਸ਼ਾਹੀ ਦੇ ਹੋਣ ਦੇ ਖ਼ਦਸ਼ੇ ਵੀ ਚਰਚਾ ਦਾ ਕੇਂਦਰ ਬਣੇ ਹੋਏ ਹਨ | ਕਈ ਥਾਵਾਂ 'ਤੇ ਵਿਰੋਧੀ ਧਿਰਾਂ ਵਲੋਂ ਪ੍ਰਸ਼ਾਸਨਿਕ ਦਬਾਅ ਅਤੇ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਦੇ ਇਲਜ਼ਾਮ ਲਗਾਏ ਜਾ ਰਹੇ ਹਨ | ਇਸ ਕਾਰਨ ਆਮ ਵੋਟਰ ਦੇ ਮਨ ਵਿਚ ਡਰ ਅਤੇ ਸੰਕੋਚ ਦਾ ਮਾਹੌਲ ਵੀ ਬਣਿਆ ਹੋਇਆ ਹੈ | ਹਾਲਾਂਕਿ ਲੋਕ ਖੁੱਲ੍ਹ ਕੇ ਕੁਝ ਕਹਿਣ ਤੋਂ ਬਚ ਰਹੇ ਹਨ, ਪਰ ਅੰਦਰੂਨੀ ਤੌਰ 'ਤੇ ਸਰਕਾਰ ਪ੍ਰਤੀ ਗ਼ੁੱਸਾ ਸਾਫ਼ ਮਹਿਸੂਸ ਕੀਤਾ ਜਾ ਰਿਹਾ ਹੈ | ਇਸ ਵਾਰ ਚੋਣਾਂ ਵਿਚ ਉਹ ਲੋਕ ਵੀ ਵੱਡੀ ਚਰਚਾ ਵਿਚ ਹਨ, ਜੋ ਖ਼ੁਦ ਨੂੰ ਵੋਟਾਂ ਦੇ 'ਠੇਕੇਦਾਰ' ਸਮਝਦੇ ਰਹੇ ਹਨ | ਭਾਵੇਂ ਪਿਛਲੀਆਂ ਚੋਣਾਂ ਵਿਚ ਇਕ ਇਸ਼ਾਰੇ 'ਤੇ ਵੋਟਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਲੋਕਾਂ ਦਾ ਪ੍ਰਭਾਵ ਇਸ ਵਾਰ ਘਟਦਾ ਦਿੱਖ ਰਿਹਾ ਹੈ | ਉੱਧਰ ਨਾਰਾਜ਼ ਵਰਕਰਾਂ ਵਲੋਂ ਅੰਦਰਖਾਤੇ ਵਿਰੋਧ ਕਰਨ ਦੀਆਂ ਚਰਚਾਵਾਂ ਨੇ ਉਮੀਦਵਾਰਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ | ਕਈ ਥਾਵਾਂ 'ਤੇ ਬਾਗ਼ੀ ਉਮੀਦਵਾਰਾਂ ਨੇ ਮੁੱਖ ਪਾਰਟੀਆਂ ਦੇ ਗਣਿਤ ਨੂੰ ਖ਼ਰਾਬ ਕੀਤਾ ਹੋਇਆ ਹੈ | ਅੱਜ ਵੋਟਿੰਗ ਦੇ ਦਿਨ ਸਾਰੇ ਉਮੀਦਵਾਰਾਂ ਅਤੇ ਵੱਡੇ ਸਿਆਸੀ ਆਗੂਆਂ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਚੁੱਪ ਬੈਠਾ ਵੋਟਰ ਕਿਸ ਦੇ ਹੱਕ ਵਿਚ ਫ਼ੈਸਲਾ ਕਰਦਾ ਹੈ ਅਤੇ ਕਿਸ ਦੀ ਸਿਆਸੀ ਜ਼ਮੀਨ ਖਿਸਕਾਉਂਦਾ ਹੈ | ਇਸ ਵਾਰ ਦਾ ਚੋਣ ਨਤੀਜਾ ਕਈ ਪੁਰਾਣੇ ਚਿਹਰਿਆਂ ਲਈ ਵੱਡਾ ਝਟਕਾ ਅਤੇ ਨਵੇਂ ਚਿਹਰਿਆਂ ਲਈ ਵੱਡਾ ਮੌਕਾ ਸਾਬਤ ਹੋ ਸਕਦਾ ਹੈ | ਪਰ ਦੇਖਣਾ ਦਿਲਚਸਪ ਹੋਵੇਗਾ ਕਿ 29 ਮਾਰਚ ਨੂੰ ਅਗਲੀ ਸਰਕਾਰ ਲਈ ਨਗਰ ਕੌਂਸਲ ਚੋਣਾਂ ਨਵੇਂ ਸਮੀਕਰਨ ਤੇ ਪਾਰਟੀ