ਫ਼ਤਹਿਗੜ੍ਹ ਸਾਹਿਬ, 26 ਮਈ (ਬਲਜਿੰਦਰ ਸਿੰਘ)-ਕੌਂਸਲ ਚੋਣਾਂ ਦੌਰਾਨ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਆਪਣੇ ਪਰਿਵਾਰ ਸਮੇਤ ਪੋਲਿੰਗ ਬੂਥ ਨੰਬਰ. 45 ਸਰਹਿੰਦ ਸ਼ਹਿਰ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਇਸ ਮੌਕੇ ਉਨਾਂ ਵੋਟਰਾਂ ਨੂੰ ਲੋਕਤੰਤਰ ਦੇ ਇਸ ਮਹਾਂ ਤਿਉਹਾਰ ਵਿਚ ਵੱਧ-ਚੜ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਹਰੇਕ ਵੋਟ ਸ਼ਹਿਰ ਦੇ ਵਿਕਾਸ ਅਤੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ | ਨਾਗਰਾ ਨੇ ਕਿਹਾ ਕਿ ਸਰਹਿੰਦ ਸ਼ਹਿਰ ਦੇ ਲੋਕ ਵਿਕਾਸ, ਤਰੱਕੀ ਅਤੇ ਇਮਾਨਦਾਰ ਪ੍ਰਸ਼ਾਸਨ ਦੇ ਹੱਕ ਵਿਚ ਆਪਣਾ ਫ਼ੈਸਲਾ ਸੁਣਾਉਣਗੇ | ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦਿੱਤੀ ਹੈ ਅਤੇ ਸ਼ਹਿਰ ਦੇ ਵਿਕਾਸ ਲਈ ਵੱਡੇ ਪੱਧਰ 'ਤੇ ਕੰਮ ਕਰਵਾਏ ਹਨ | ਉਨਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਨਾਗਰਿਕ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ | ਇਸ ਦੌਰਾਨ ਉਨਾਂ ਨੇ ਸਰਹਿੰਦ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਭਰਪੂਰ ਸਮਰਥਨ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਹੈ ਅਤੇ ਆਉਣ ਵਾਲੇ ਨਤੀਜੇ ਵਿਕਾਸ ਪੱਖੀ ਹੋਣਗੇ | ਉਨਾਂ ਕਿਹਾ ਕਿ ਸਰਹਿੰਦ ਦੇ ਲੋਕ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਭਲੀਭਾਂਤ ਜਾਣੂ ਹਨ ਅਤੇ ਇਸ ਵਾਰ ਉਹ ਵਿਕਾਸ ਦੇ ਨਾਮ 'ਤੇ ਵੋਟ ਪਾ ਰਹੇ ਹਨ | ਕਿਉਂਕਿ ਕਾਂਗਰਸ ਸਰਕਾਰ ਦੇ ਸਮੇਂ ਸ਼ਹਿਰ ਵਿਚ ਕਰਵਾਏ ਗਏ ਵਿਕਾਸ ਕਾਰਜ ਅੱਜ ਵੀ ਲੋਕਾਂ ਨੂੰ ਯਾਦ ਹਨ ਅਤੇ ਲੋਕ ਮੁੜ ਉਸੇ ਵਿਕਾਸ ਮੁਖੀ ਸੋਚ ਨੂੰ ਸਮਰਥਨ ਦੇ ਰਹੇ ਹਨ | ਉਨਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਸਿਰਫ਼ ਉਮੀਦਵਾਰਾਂ ਦੀ ਹੀ ਨਹੀਂ, ਸਗੋਂ ਸਰਹਿੰਦ ਦੇ ਭਵਿੱਖ ਦੀ ਚੋਣ ਹੈ | ਇਸ ਮੌਕੇ ਉਨ੍ਹਾਂ ਨਾਲ ਪਰਿਵਾਰਕ ਮੈਂਬਰਾਂ ਵਿਚ ਉਨਾਂ ਦੀ ਧਰਮ ਪਤਨੀ ਮਨਦੀਪ ਕੌਰ ਨਾਗਰਾ, ਸਪੁੱਤਰ ਕੁਲਮਨਬੀਰ ਸਿੰਘ ਨਾਗਰਾ ਅਤੇ ਪਾਰਟੀ ਵਰਕਰ ਵੀ ਮੌਜੂਦ ਸਨ, ਜਿਨਾਂ ਨੇ ਲੋਕਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਵੋਟ ਪਾਉਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ |