ਅਮਲੋਹ, 27 ਮਈ (ਹਰਪ੍ਰੀਤ ਸਿੰਘ ਗਿੱਲ)-ਜ਼ਿੰਦਗੀ ਰਵਾਨਗੀ ਦਾ ਨਾਮ ਹੈ | ਇਸ ਵਿਚ ਕਦੋਂ ਰੁਕਾਵਟ ਆ ਜਾਵੇ, ਪਤਾ ਨਹੀਂ ਚੱਲਦਾ, ਪਰ ਅਸਲੀ ਇਨਸਾਨ ਉਹ ਹੈ ਜੋ ਹਾਰ ਮੰਨਣ ਦੀ ਬਜਾਏ ਮੁਸ਼ਕਿਲਾਂ ਨਾਲ ਮੱਥਾ ਲਾ ਕੇ ਜਿੱਤ ਪ੍ਰਾਪਤ ਕਰੇ | ਇਹ ਵਿਚਾਰ ਅਮਲੋਹ ਦੇ ਹੋਣਹਾਰ ਨੌਜਵਾਨ ਸਹਿਜਵੀਰ ਸਿੰਘ ਦੇ ਪਿਤਾ ਗੁਰਦਰਸ਼ਨ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਸਹਿਜਵੀਰ ਵਲੋਂ ਪੈਰਾ ਆਰਚਰੀ ਨੈਸ਼ਨਲ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਮੈਡਲ ਜਿੱਤਣ ਦੀ ਖ਼ੁਸ਼ੀ ਵਿਚ ਅੱਜ ਉਹ ਅਮਲੋਹ ਦੇ ਹਾਕੀ ਗਰਾਊਾਡ ਵਿਖੇ ਆਪਣੇ ਪੁਰਾਣੇ ਸਾਥੀਆਂ ਨਾਲ ਇਹ ਖ਼ੁਸ਼ੀ ਸਾਂਝੀ ਕਰਨ ਲਈ ਆਏ ਸਨ | ਇੱਥੇ ਇਹ ਜ਼ਿਕਰਯੋਗ ਹੈ ਕਿ ਸਹਿਜਵੀਰ ਸਿੰਘ ਨਾਲ ਕਰੀਬ ਦੋ ਸਾਲ ਪਹਿਲਾਂ ਇਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ ਸੀ, ਜਿਸ ਵਿਚ ਉਸ ਨੇ ਆਪਣੀਆਂ ਦੋਵੇਂ ਲੱਤਾਂ ਗਵਾ ਲਈਆਂ ਸਨ ਅਤੇ ਉਹ ਪੂਰੀ ਤਰ੍ਹਾਂ ਨਾਲ ਅਪਾਹਜ ਹੋ ਗਿਆ ਸੀ | ਇਸ ਹਾਦਸੇ ਤੋਂ ਪਹਿਲਾਂ ਉਹ ਹਾਕੀ ਦਾ ਇਕ ਬਿਹਤਰੀਨ ਰਾਜ ਪੱਧਰ ਦਾ ਉੱਭਰਦਾ ਖਿਡਾਰੀ ਸੀ, ਪਰ ਇਕ ਖਿਡਾਰੀ ਲਈ ਅਚਾਨਕ ਆਪਣੀਆਂ ਲੱਤਾਂ ਗਵਾ ਲੈਣਾ ਜ਼ਿੰਦਗੀ ਦੇ ਖ਼ਤਮ ਹੋਣ ਵਰਗਾ ਹੁੰਦਾ ਹੈ | ਸਹਿਜਵੀਰ ਦੇ ਪਿਤਾ ਨੇ ਦੱਸਿਆ ਕਿ ਹਸਪਤਾਲ 'ਚ ਇਲਾਜ ਦੌਰਾਨ ਸਹਿਜਵੀਰ ਸਿੰਘ ਵਲੋਂ ਇਕੋ ਰੱਟ ਲਗਾਈ ਜਾਂਦੀ ਸੀ ਕਿ ਉਹ ਹੁਣ ਮੁੜ ਕਦੇ ਵੀ ਹਾਕੀ ਦੇ ਮੈਦਾਨ ਵਿਚ ਆਪਣੇ ਜੌਹਰ ਨਹੀਂ ਵਿਖਾ ਸਕੇਗਾ ਅਤੇ ਇਸ ਨਿਰਾਸ਼ਾ ਨੇ ਉਸ ਨੂੰ ਮਾਨਸਿਕ ਤੌਰ 'ਤੇ ਤੋੜ ਦਿੱਤਾ ਸੀ | ਉਸ ਦੇ ਪਿਤਾ ਗੁਰਦਰਸ਼ਨ ਸਿੰਘ, ਜੋ ਕਿ ਬੀ.ਐਸ.ਐਫ. ਵਿਚ ਸੇਵਾ ਨਿਭਾ ਰਹੇ ਹਨ, ਨੇ ਦੱਸਿਆ ਕਿ ਹਸਪਤਾਲ ਵਿਚ ਇਲਾਜ ਦੌਰਾਨ ਡਾਕਟਰਾਂ ਨੇ ਸਹਿਜਵੀਰ ਨੂੰ ਮਾਨਸਿਕ ਤੌਰ 'ਤੇ ਬਹੁਤ ਤਸੱਲੀਆਂ ਦਿੱਤੀਆਂ ਅਤੇ ਉਸ ਦਾ ਮਨੋਬਲ ਇੰਨਾ ਉੱਚਾ ਕਰ ਦਿੱਤਾ ਕਿ ਉਸ ਨੇ ਇਕ ਸਾਲ ਲਗਾਤਾਰ ਇਲਾਜ ਕਰਵਾਉਣ ਤੋਂ ਬਾਅਦ ਬਨਾਵਟੀ ਲੱਤਾਂ ਲਗਵਾਈਆਂ ਤੇ ਸਹਿਜਵੀਰ ਨੇ ਅਪੰਗਤਾ ਨੂੰ ਆਪਣੇ ਹੌਸਲਿਆਂ 'ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਹਾਕੀ ਦੇ ਮੈਦਾਨ ਤੋਂ ਬਾਅਦ ਤੀਰਅੰਦਾਜ਼ੀ ਵਿਚ ਆਪਣਾ ਹੱਥ ਅਜ਼ਮਾਉਣਾ ਸ਼ੁਰੂ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਇਕ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਜ ਉਹ ਰਾਸ਼ਟਰੀ ਪੱਧਰ 'ਤੇ ਚਮਕਿਆ ਹੈ | ਸਹਿਜਵੀਰ ਸਿੰਘ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਕੋਚ ਸੁਰਿੰਦਰ ਸਿੰਘ ਰੰਧਾਵਾ ਤੇ ਆਪਣੇ ਪਿਤਾ ਨੂੰ ਦਿੱਤਾ ਹੈ | ਆਪਣੇ ਅਗਲੇ ਮਿਸ਼ਨ ਬਾਰੇ ਗੱਲ ਕਰਦਿਆਂ ਸਹਿਜਵੀਰ ਨੇ ਦੱਸਿਆ ਕਿ ਉਹ ਪੈਰਾ ਉਲੰਪਿਕ 'ਚੋਂ ਗੋਲਡ ਮੈਡਲ ਜਿੱਤਣ ਦਾ ਮਿਸਾਨਾ ਰੱਖਦਾ ਹੈ | ਅਮਲੋਹ ਦੇ ਹਾਕੀ ਮੈਦਾਨ ਵਿਚ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਵਾਲੇ ਕੋਚ ਦਵਿੰਦਰ ਸਿੰਘ ਰੈਹਿਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਮੰਜ਼ਿਲ ਭਾਵੇਂ ਕਿੰਨੀ ਵੀ ਦੂਰ ਕਿਉਂ ਨਾ ਹੋਵੇ, ਹਿੰਮਤ ਦੇ ਸਿਰ 'ਤੇ ਉਸ ਨੂੰ ਹਾਸਲ ਕੀਤਾ ਜਾ ਸਕਦਾ ਹੈ ਅਤੇ ਸਹਿਜਵੀਰ ਦੀ ਇਹ ਜਿੱਤ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ | ਉਨ੍ਹਾਂ ਕਿਹਾ ਕਿ ਸਹਿਜਵੀਰ ਸਿੰਘ ਦੀ ਇਹ ਅਦਭੁਤ ਕਾਮਯਾਬੀ ਅੱਜ ਦੇ ਸਮਾਜ ਅਤੇ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਲਈ ਇਕ ਬਹੁਤ ਵੱਡਾ ਅਤੇ ਪ੍ਰੇਰਨਾਦਾਇਕ ਸੁਨੇਹਾ ਹੈ ਕਿ ਜੇਕਰ ਤੁਹਾਡੇ ਇਰਾਦੇ ਪੱਥਰ ਵਰਗੇ ਮਜ਼ਬੂਤ ਹੋਣ ਅਤੇ ਤੁਸੀਂ ਲਗਾਤਾਰ ਮਿਹਨਤ ਕਰਦੇ ਰਹੋ, ਤਾਂ ਦੁਨੀਆ ਦੀ ਕੋਈ ਵੀ ਮੁਸ਼ਕਿਲ ਤੁਹਾਡਾ ਰਸਤਾ ਨਹੀਂ ਰੋਕ ਸਕਦੀ | ਇਸ ਨੌਜਵਾਨ ਨੇ ਸਾਬਤ ਕਰ ਦਿੱਤਾ ਹੈ ਕਿ ਹਾਰ ਚੁੱਕੀ ਜ਼ਿੰਦਗੀ ਨੂੰ ਵੀ ਦੁਬਾਰਾ ਜਿੱਤ ਦੇ ਰਾਹ 'ਤੇ ਪਾਇਆ ਜਾ ਸਕਦਾ ਹੈ, ਕਿਉਂਕਿ ਅਪੰਗਤਾ ਸਰੀਰ ਵਿਚ ਹੋ ਸਕਦੀ ਹੈ, ਪਰ ਇਰਾਦਿਆਂ ਵਿਚ ਨਹੀਂ |