ਫ਼ਤਹਿਗੜ੍ਹ ਸਾਹਿਬ, 8 ਜੂਨ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਵਲੋਂ ਯੂਨੀਵਰਸਿਟੀ ਦੁਆਰਾ ਕੁਦਰਤੀ ਖੇਤੀ ਵਿਧਾਨ ਸਿਰਲੇਖ ਹੇਠ ਪੰਜਾਬੀ ਵਿਚ ਅਨੁਵਾਦ ਕੀਤੀ ਗਈ ਇਕ ਮਹੱਤਵਪੂਰਨ ਕਿਤਾਬ ਲੋਕ ਅਰਪਣ ਕੀਤੀ ਗਈ | ਅੰਗਰੇਜ਼ੀ ਵਿਚ ਇਹ ਕਿਤਾਬ ਐਨ ਐਗਰੀਕਲਚਰਲ ਟੈਸਟਾਮੈਟ ਸਿਰਲੇਖ ਹੇਠ ਸਰ ਐਲਬਰਟ ਹਾਵਰਡ ਵਲੋਂ ਲਿਖੀ ਗਈ ਸੀ ਅਤੇ ਐਕਸਫੋਰਡ ਯੂਨੀਵਰਸਿਟੀ ਪੈੱ੍ਰਸ ਵਲੋਂ 1 ਜੂਨ 1940 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ | ਇਹ ਕਿਤਾਬ ਕੁਦਰਤੀ ਖੇਤੀਬਾੜੀ ਪ੍ਰਣਾਲੀਆਂ ਨੂੰ ਬਿਆਨ ਕਰਦੀ ਹੈ ਜਿਸ ਵਿਚ ਮੁੱਖ ਤੌਰ ਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੱਖ-ਵੱਖ ਫ਼ਸਲਾਂ ਉਗਾਉਣ ਲਈ ਕੁਦਰਤੀ ਤੌਰ ਤੇ ਕਿਵੇਂ ਬਣਾਈ ਰੱਖਣਾ ਹੈ, ਬਾਰੇ ਵਿਸਥਾਰ ਵਿਚ ਬਿਆਨ ਕੀਤਾ ਗਿਆ ਹੈ | ਲੇਖਕ ਆਪਣੇ ਤਜਰਬਿਆਂ ਨਾਲ ਇਹ ਸਾਬਤ ਕਰਦਾ ਹੈ ਕਿ ਮਿੱਟੀ ਨੂੰ ਕਿਸੇ ਰਸਾਇਣਿਕ ਖਾਦਾਂ ਅਤੇ ਰਸਾਇਣਿਕ ਛਿੜਕਾਅ ਦੀ ਜ਼ਰੂਰਤ ਨਹੀਂ ਹੁੰਦੀ | ਮਿੱਟੀ ਦੀ ਸਿਹਤ ਨੂੰ ਹੂਮਸ ਖਾਦ ਨਾਲ ਕੁਦਰਤੀ ਤੌਰ ਤੇ ਸਦਾ ਲਈ ਬਹਾਲ ਰੱਖਿਆ ਜਾ ਸਕਦਾ ਹੈ | ਲੇਖਕ ਮੁਤਾਬਿਕ ਨਕਲੀ ਖਾਦਾਂ ਨਾਲ ਤਿਆਰ ਕੀਤੇ ਅਨਾਜ ਤੇ ਪਲਣ ਵਾਲੇ ਮਨੁੱਖ ਅਤੇ ਪਸ਼ੂ ਸਿਹਤਮੰਦ ਨਹੀਂ ਰਹਿ ਸਕਦੇ | ਉਨ੍ਹਾਂ ਦੀਆਂ ਪ੍ਰਜਾਤੀਆਂ ਵੀ ਹੌਲੀ-ਹੌਲੀ ਨਕਲੀ ਹੋ ਜਾਂਦੀਆਂ ਹਨ | ਇਸ ਕਿਤਾਬ ਨੂੰ ਕੁਦਰਤੀ ਖੇਤੀ ਵਿਧਾਨ ਸਿਰਲੇਖ ਹੇਠ ਪੰਜਾਬੀ ਵਿਚ ਅਨੁਵਾਦ ਕਰਨ ਦਾ ਕੰਮ ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਤੇ ਡੀਨ ਫੈਕਲਟੀ ਆਫ਼ ਐਗਰੀਕਲਚਰ ਅਤੇ ਡਾ. ਜਸਪ੍ਰੀਤ ਕੌਰ ਢਿੱਲੋਂ ਮੁਖੀ ਖੇਤੀਬਾੜੀ ਵਿਭਾਗ ਦੁਆਰਾ ਕੀਤਾ ਗਿਆ ਹੈ | ਉਪ ਕੁਲਪਤੀ ਨੇ ਦੱਸਿਆ ਕਿ ਖੇਤੀਬਾੜੀ ਵਿਚ ਹਰੀ ਕ੍ਰਾਂਤੀ ਤੋਂ ਬਾਅਦ ਨਕਲੀ ਰਸਾਇਣਿਕ ਖਾਦਾਂ ਅਤੇ ਛਿੜਕਾਅ ਨੇ ਮਿੱਟੀ ਦੀ ਸਿਹਤ ਨੂੰ ਬੁਰੀ ਤਰ੍ਹਾਂ ਵਿਗਾੜਿਆ ਹੈ | ਧਰਤੀ ਹੇਠਲਾ ਪਾਣੀ ਵੀ ਖ਼ਰਾਬ ਹੋਇਆ ਹੈ | ਦੁਨੀਆ 'ਚ ਬਹੁਤ ਘੱਟ ਖ਼ਿੱਤੇ ਹੀ ਹਨ, ਜਿੱਥੇ ਕੁਦਰਤੀ ਖੇਤੀਬਾੜੀ ਅਪਣਾਈ ਜਾ ਰਹੀ ਹੈ | ਹਰੀ ਕ੍ਰਾਂਤੀ ਦੇ ਆਉਣ ਨਾਲ ਨਕਲੀ ਰਸਾਇਣਿਕ ਖਾਦਾਂ ਅਤੇ ਨਕਲੀ ਰਸਾਇਣਿਕ ਛਿੜਕਾਅ ਦੀ ਵਰਤੋਂ ਦੇ ਅਸਰ ਪੰਜਾਬ ਦੇ ਖ਼ਿੱਤੇ ਵਿਚ ਵੀ ਮਿੱਟੀ ਅਤੇ ਪਾਣੀ ਉੱਪਰ ਬਹੁਤ ਗਹਿਰੇ ਪਏ ਹਨ | ਇਹ ਕਿਤਾਬ ਇਸ ਲਈ ਮਹੱਤਵਪੂਰਨ ਹੈ ਕਿ ਇਕ ਤਾਂ ਸਾਨੂੰ ਇਹ ਕੁਦਰਤੀ ਪ੍ਰਣਾਲੀਆਂ ਦੇ ਅਭਿਆਸਾਂ ਨਾਲ ਜੋੜਦੀ ਹੈ, ਜੋ ਸਦਾ ਸਥਾਈ ਰਹਿਣਗੇ ਅਤੇ ਦੂਸਰਾ ਇਹ ਖੇਤੀਬਾੜੀ ਅਧੀਨ ਜ਼ਮੀਨ ਦੀ ਮਿੱਟੀ ਅਤੇ ਧਰਤੀ ਹੇਠਲੇ ਪਾਣੀ ਵਿਚ ਪਏ ਵਿਗਾੜਾਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦੀ ਹੈ | ਉਨ੍ਹਾਂ ਕਿਹਾ ਕਿ ਕਿਤਾਬ ਦੱਸਦੀ ਹੈ ਕਿ ਪਸ਼ੂ ਧਨ ਤੋਂ ਬਿਨਾਂ ਕੋਈ ਵੀ ਸਥਾਈ ਖੇਤੀਬਾੜੀ ਪ੍ਰਣਾਲੀ ਸਥਾਪਤ ਨਹੀਂ ਕੀਤੀ ਜਾ ਸਕਦੀ | ਪੰਜਾਬ ਵਰਗੇ ਖੇਤੀ ਪ੍ਰਧਾਨ ਖ਼ਿੱਤਿਆਂ ਵਿਚ ਛੋਟੇ ਖੇਤਾਂ ਲਈ ਕੁਦਰਤੀ ਖੇਤੀਬਾੜੀ ਅਪਣਾਈ ਜਾ ਸਕਦੀ ਹੈ | ਇਹ ਕਿਤਾਬ ਕੁਦਰਤੀ ਢੰਗ ਨਾਲ ਚੰਗੀ ਗੁਣਵੱਤਾ ਵਾਲਾ ਅਨਾਜ ਪੈਦਾ ਕਰਨ ਅਤੇ ਸਿਹਤਮੰਦ ਰਹਿਣ ਲਈ ਮਹੱਤਵਪੂਰਨ ਸੇਧ ਦਿੰਦੀ ਹੈ | ਇਸ ਕਿਤਾਬ ਦੇ ਲੋਕ ਅਰਪਣ ਸਮਾਗਮ ਵਿਚ ਡਾ. ਸਿਕੰਦਰ ਸਿੰਘ ਡੀਨ ਫੈਕਲਟੀ ਆਫ਼ ਲੈਂਗੁਏਜਿਜ, ਡਾ. ਹਰਦੇਵ ਸਿੰਘ ਡੀਨ ਫੈਕਲਟੀ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼, ਡਾ. ਹਰਨੀਤ ਬਿਲਿੰਗ ਡੀਨ ਫੈਕਲਟੀ ਆਫ਼ ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸ, ਡਾ. ਰਿਚਾ ਬਰਾੜ ਮੁਖੀ ਗਣਿਤ ਵਿਭਾਗ, ਖੇਤੀਬਾੜੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਅਤੇ ਵਿਭਾਗ ਦੇ ਹੋਰ ਅਧਿਆਪਕ ਸ਼ਾਮਿਲ ਹੋਏ |