ਖਮਾਣੋਂ, 18 ਜੂਨ (ਜੋਗਿੰਦਰ ਪਾਲ)-ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਗੁਰੂ ਅਮਰਦਾਸ ਪਬਲਿਕ ਸਕੂਲ ਫਰੌਰ ਵਿਖੇ ਬਾਬਾ ਸਰਬਜੀਤ ਸਿੰਘ ਭੱਲਾ ਦੀ ਰਹਿਨੁਮਾਈ ਹੇਠ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਤ ਅਤੇ ਸ਼ਰਧਾਲੂਆ ਵਲੋਂ ਬਾਬਾ ਸ਼੍ਰੀ ਚੰਦ ਦੇ ਅਸਥਾਨ ਫਰੌਰ ਵਿਖੇ 11 ਦਿਨ ਸ੍ਰੀ ਸੁਖਮਨੀ ਸਾਹਿਬ ਦੇ ਨਿਰੰਤਰ ਜਾਪ ਕੀਤੇ ਗਏ। ਇਸ ਮੌਕੇ ਭਾਈ ਤੇਜਿੰਦਰ ਸਿੰਘ ਫਰੌਰ ਵਲੋਂ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਮਹਾਨ ਸ਼ਹਾਦਤ ਬਾਰੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਭਾਈ ਦਲਜੀਤ ਸਿੰਘ ਅਤੇ ਹੋਰ ਹਜ਼ੂਰੀ ਰਾਗੀ ਜਥੇ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਬਾਬਾ ਸਰਬਜੀਤ ਸਿੰਘ ਭੱਲਾ ਨੇ ਸਮਾਗਮ ਦੀ ਸੰਪੂਰਨਤਾ ਮੌਕੇ ਸਮੂਹ ਸੰਗਤ ਅਤੇ ਬੀਬੀਆਂ ਦੇ ਜਥੇ ਵਲੋਂ ਨਿਭਾਈ ਗਈ ਸੇਵਾ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ। ਇਸ ਮੌਕੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।