ਫ਼ਤਹਿਗੜ੍ਹ ਸਾਹਿਬ, 21 ਜੂਨ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਅੱਜ ਭਾਰਤ ਮਾਲਾ ਪ੍ਰੋਜੈਕਟ ਅਧੀਨ ਮੋਹਾਲੀ ਏਅਰਪੋਰਟ ਤੋਂ ਬਾਇਆ ਸਰਹਿੰਦ ਸਹਿਣਾ ਨੈਸ਼ਨਲ ਹਾਈਵੇ ਬਣਾਉਣ ਸਮੇਂ ਪੁਰਾਤਨ ਮਾਰਗ ਸ਼ੇਰ ਸੂਰੀ ਨੂੰ ਅਣਗੌਲਿਆ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਸਾਡੇ ਸਭ ਤੋਂ ਪੁਰਾਤਨ ਰੋਡ ਨੂੰ ਅਣਗੌਲਿਆ ਕੀਤਾ ਗਿਆ ਹੈ ਅਤੇ ਇਸ ਸੜਕ ’ਤੇ ਕੋਈ ਕਰਾਸਿੰਗ ਵੀ ਨਹੀਂ ਦਿੱਤੀ ਗਈ, ਜਦੋਂਕਿ ਇਸ ਸੜਕ ’ਤੇ ਕਈ ਇਤਿਹਾਸਕ ਪਿੰਡ ਪੈਂਦੇ ਹਨ। ਭੁੱਟਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇਸ ਮਸਲੇ ਨੂੰ ਸੰਜੀਦਗੀ ਨਾਲ ਲੈ ਕੇ ਇਸ ਰੋਡ ’ਤੇ ਲੋੜ ਅਨੁਸਾਰ ਕੱਟ ਦਿੱਤੇ ਜਾਣ ਤਾਂ ਜੋ ਇਹ ਮਾਰਗ ਆਉਣ ਵਾਲੇ ਸਮੇਂ ਵਿਚ ਚਾਲੂ ਹੋ ਸਕੇ ਅਤੇ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਹ ਮਾਰਗ ਏਸ਼ੀਆ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਲੰਮਾ ਮਾਰਗ ਹੈ, ਜੋ ਕਿ ਬੰਗਲਾਦੇਸ਼ ਤੋਂ ਭਾਰਤ ਪਾਕਿਸਤਾਨ ਦੇਸ਼ਾਂ ਨੂੰ ਆਪਸ ਵਿਚ ਜੋੜਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਅਧੀਨ ਇਸ ਰੋਡ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ। ਜਿਸ ਨਾਲ ਆਮ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭੁੱਟਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਰਗ ਦੀ ਥਾਂ ਅੱਜ ਵੀ ਉਸੇ ਤਰੀਕੇ ਨਾਲ ਖ਼ਾਲੀ ਪਈ ਹੈ ਅਤੇ ਕਈ ਥਾਵਾਂ ਤੇ ਨਜਾਇਜ਼ ਕਬਜ਼ੇ ਹੋ ਰਹੇ ਹਨ। ਜਿਸ ਦੀ ਜ਼ਿੰਮੇਵਾਰੀ ਪੁਰਾਤਤਵ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੈ, ਜੋ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਕੁਤਾਹੀ ਵਰਤ ਰਹੇ ਹਨ। ਇਸ ਮੌਕੇ ਧਰਮਿੰਦਰ ਸਿੰਘ ਮੂਲੇਪੁਰ ਤੇ ਬਲਜਿੰਦਰ ਸਿੰਘ ਜਲਵੇੜੀ ਗਹਿਲਾਂ ਵੀ ਹਾਜ਼ਰ ਸਨ।