ਸੰਘੋਲ, 21 ਜੂਨ (ਗੁਰਨਾਮ ਸਿੰਘ ਚੀਨਾ)-ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਐਜੂਕੇਸ਼ਨ ਟਰੱਸਟ ਦੇ ਨਵ-ਨਿਯੁਕਤ ਮੈਂਬਰ ਜਥੇਦਾਰ ਮਨਮੋਹਨ ਸਿੰਘ ਮਕਾਰੋਂਪੁਰ ਦਾ ਉੱਚਾ ਪਿੰਡ ਸੰਘੋਲ ਵਿਖੇ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਥੇਦਾਰ ਮਕਾਰੋਂਪੁਰ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਸਿੱਖਿਆ ਅਤੇ ਪੰਥਕ ਖੇਤਰ ਵਿਚ ਹੋਰ ਵੀ ਵੱਡਾ ਯੋਗਦਾਨ ਪਾਉਣਗੇ। ਇਸ ਮੌਕੇ ਮਕਾਰੋਂਪੁਰ ਨੇ ਸਨਮਾਨ ਲਈ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਜਤਾਏ ਵਿਸ਼ਵਾਸ ਨੂੰ ਉਹ ਹਮੇਸ਼ਾ ਕਾਇਮ ਰੱਖਣ ਦਾ ਯਤਨ ਕਰਨਗੇ। ਇਸ ਮੌਕੇ ਸਰਤੇਗ ਸਿੰਘ ਪਾਲੀ ਪੰਜਕੋਹਾ ਨੇ ਕਿਹਾ ਕਿ ਜਥੇਦਾਰ ਮਕਾਰੋਂਪੁਰ ਨੇ ਹਮੇਸ਼ਾ ਸਮਾਜਿਕ, ਧਾਰਮਿਕ ਅਤੇ ਸਿੱਖਿਆ ਖੇਤਰ ਦੀ ਬਿਹਤਰੀ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਟਰੱਸਟੀ ਮੈਂਬਰ ਵਜੋਂ ਉਨ੍ਹਾਂ ਦੀ ਨਿਯੁਕਤੀ ਇਲਾਕੇ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਸਿੱਖਿਆ ਦੇ ਖੇਤਰ ਵਿਚ ਹੋਰ ਤਰੱਕੀ ਨੂੰ ਬਲ ਮਿਲੇਗਾ। ਇਸ ਮੌਕੇ ‘ਤੇ ਮਨਮੋਹਨ ਸਿੰਘ ਸੰਘੋਲ, ਪਲਵਿੰਦਰ ਸਿੰਘ ਲੋਹਾਰੀ, ਕਰਮਜੀਤ ਸਿੰਘ, ਰਣਧੀਰ ਸਿੰਘ ਸ਼ੇਰਗਿੱਲ, ਗੁਰਜੀਤ ਸਿੰਘ ਪੰਜਕੋਹਾ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।