aਮੰਡੀ ਗੋਬਿੰਦਗੜ੍ਹ, 22 ਜੂਨ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਅਤੇ ਲਾਇਨਜ਼ ਕਲੱਬ ਕਵੀਨਜ਼ ਨੇ ਸਾਂਝੇ ਤੌਰ ’ਤੇ ਕਨ੍ਹੱਈਆ ਲਾਲ ਬਰਦੇਜਾ ਲਾਇਨਜ਼ ਭਵਨ ਵਿਖੇ ਸ਼ਾਨਦਾਰ ‘ਸ਼ੈਵਯ-2026’ 52ਵਾਂ ਚਾਰਟਰ ਨਾਈਟ ਅਤੇ ਸਾਲਾਨਾ ਪੁਰਸਕਾਰ ਸਮਾਰੋਹ ਆਯੋਜਿਤ ਕੀਤਾ। ਇਸ ਮੌਕੇ ਜ਼ਿਲ੍ਹਾ ਗਵਰਨਰ ਤੇ ਮਲਟੀਪਲ ਕੌਂਸਲ ਚੇਅਰਮੈਨ ਅੰਮ੍ਰਿਤਪਾਲ ਸਿੰਘ ਜੰਡੂ ਪੀ.ਐੱਮ.ਜੇ.ਐੱਫ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਾਬਕਾ ਜ਼ਿਲ੍ਹਾ ਗਵਰਨਰ ਅਜੈ ਕੁਮਾਰ ਗੋਇਲ, ਸਾਬਕਾ ਵਾਈਸ ਜ਼ਿਲ੍ਹਾ ਗਵਰਨਰ-1 ਨਰੇਸ਼ ਕੁਮਾਰ ਗੋਇਲ ਅਤੇ ਸਾਬਕਾ ਵਾਈਸ ਜ਼ਿਲ੍ਹਾ ਗਵਰਨਰ-2 ਐਸ.ਕੇ. ਰਾਣਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਲਾਇਨਜ਼ ਕਲੱਬ ਦੇ ਪ੍ਰਧਾਨ ਰਮੇਸ਼ ਗੋਇਲ ਤੇ ਲਾਇਨਜ਼ ਕਲੱਬ ਕਵੀਨਜ਼ ਦੀ ਪ੍ਰਧਾਨ ਰੀਤਾ ਗੋਇਲ ਨੇ ਕੀਤੀ। ਇਸ ਮੌਕੇ ਕਲੱਬ ਸਕੱਤਰ ਸੁਮਿਤ ਗਰਗ, ਖ਼ਜ਼ਾਨਚੀ ਓ.ਪੀ. ਵਰਮਾ, ਕਵੀਨਜ਼ ਕਲੱਬ ਸਕੱਤਰ ਸ਼ਿਲਪਾ ਗਰਗ ਤੇ ਖ਼ਜ਼ਾਨਚੀ ਮਮਤਾ ਵਰਮਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੌਰਾਨ ਰਾਜ ਗੋਇਲ, ਚਾਰਟਰ ਮੈਂਬਰ ਤੇ ਫੰਕਸ਼ਨ ਚੇਅਰਮੈਨ ਨੇ ਸਾਰੇ ਮਹਿਮਾਨਾਂ, ਅਧਿਕਾਰੀਆਂ ਅਤੇ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਸਮਾਰੋਹ ਦੌਰਾਨ ਸਾਲ ਭਰ ਵੱਖ-ਵੱਖ ਸਮਾਜ ਸੇਵਾ, ਸਿਹਤ, ਸਿੱਖਿਆ, ਵਾਤਾਵਰਨ ਸੁਰੱਖਿਆ ਅਤੇ ਲੋਕ ਭਲਾਈ ਪ੍ਰੋਜੈਕਟਾਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਣ ਵਾਲੇ ਮੈਂਬਰਾਂ, ਸਹਿਯੋਗੀਆਂ ਅਤੇ ਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ। ਜਦਕਿ ਸਾਲਾਨਾ ਪੁਰਸਕਾਰ ਸਮਾਰੋਹ ਦਾ ਸਭ ਤੋਂ ਵੱਡਾ ਆਕਰਸ਼ਨ ‘ਲਾਇਨ ਆਫ਼ ਦ ਈਅਰ’ ਪੁਰਸਕਾਰ ਸੀ, ਜੋ ਇਸ ਸਾਲ ਸੁਮਿਤ ਗਰਗ ਨੂੰ ਉਨ੍ਹਾਂ ਦੀ ਸ਼ਾਨਦਾਰ ਅਗਵਾਈ, ਸਰਗਰਮ ਭਾਗੀਦਾਰੀ ਤੇ ਸ਼ਾਨਦਾਰ ਸੇਵਾਵਾਂ ਲਈ ਪੇਸ਼ ਕੀਤਾ ਗਿਆ। ਇਸ ਮੌਕੇ ’ਤੇ ਕਲੱਬ ਦੇ ਚਾਰਟਰ ਮੈਂਬਰਾਂ, ਰਾਜ ਗੋਇਲ, ਸੇਠ ਸੀਤਾ ਰਾਮ, ਰਮੇਸ਼ ਬਰਦੇਜਾ, ਗੌਤਮ ਬਾਂਸਲ ਅਤੇ ਮੁਕੇਸ਼ ਅਗਰਵਾਲ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਜ ਗੋਇਲ, ਲਲਿਤ ਗਰਗ ਫੰਕਸ਼ਨ ਕੋ-ਚੇਅਰਮੈਨ, ਕਮਲ ਸਿੰਗਲਾ, ਦਿਨੇਸ਼ ਸਿੰਘ, ਸੁਰੇਸ਼ ਗੁਪਤਾ ਮਾਸਟਰ ਆਫ਼ ਸੈਰੇਮਨੀਜ਼ ਅਤੇ ਸ਼ਿਲਪਾ ਗਰਗ ਮਾਸਟਰ ਆਫ਼ ਸੈਰੇਮਨੀਜ਼ ਨੇ ਸਮਾਗਮ ਦੇ ਸਫਲ ਆਯੋਜਨ ਵਿਚ ਮੁੱਖ ਭੂਮਿਕਾ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਅੰਮ੍ਰਿਤਪਾਲ ਸਿੰਘ ਜੰਡੂ ਨੇ ਕਿਹਾ ਕਿ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਦੋ ਨਵੇਂ ਕਲੱਬਾਂ, ਲਾਇਨਜ਼ ਕਲੱਬ ਕਵੀਨਜ਼ ਅਤੇ ਲਾਇਨਜ਼ ਕਲੱਬ ਸੁਪਰ ਯੂਨੀਕ ਦਾ ਗਠਨ ਆਪਣੀਆਂ ਸਮਾਜ ਸੇਵਾ ਗਤੀਵਿਧੀਆਂ ਨੂੰ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਲੱਬ ਦੀ ਸਮਾਜ ਸੇਵਾ ਦੀ ਸ਼ਲਾਘਾ ਕੀਤੀ ਅਤੇ ਸਾਰੇ ਮੈਂਬਰਾਂ ਨੂੰ ਮਨੁੱਖਤਾ ਦੇ ਭਲੇ ਲਈ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ।