ਫ਼ਤਹਿਗੜ੍ਹ ਸਾਹਿਬ, 25 ਜੂਨ (ਮਨਪ੍ਰੀਤ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਜਾਰੀ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’ ਤਹਿਤ ਅੱਜ ਪੰਜਾਬ ਦੇ ਮਾਲ ਤੇ ਪੁਨਰ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਥਾਨਕ ਬੱਚਤ ਭਵਨ ਵਿਖੇ ਵਿਲੇਜ਼ ਡਿਫੈਂਸ ਕਮੇਟੀਆਂ, ਬਲਾਕ ਕੋਆਰਡੀਨੇਟਰਾਂ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਜੈ ਸਿੰਘ ਲਿਬੜਾ, ਯੁੱਧ ਨਸ਼ਿਆਂ ਵਿਰੁੱਧ ਦੇ ਜ਼ਿਲ੍ਹਾ ਕੋਆਰਡੀਨੇਟਰ ਓਕਾਂਰ ਚੌਹਾਨ, ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, ਐਸ.ਐਸ.ਪੀ ਸ਼ੁਭਮ ਅਗਰਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਤੱਕ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਜੇਕਰ ਹਰ ਜਾਗਰੂਕ ਨਾਗਰਿਕ ਆਪਣਾ ਫ਼ਰਜ਼ ਸਮਝ ਕੇ ਇਸ ਮੁਹਿੰਮ ਵਿਚ ਯੋਗਦਾਨ ਪਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਇਸ ਮੁਹਿੰਮ ਨਾਲ ਜੁੜੇ ਕੋਆਰਡੀਨੇਟਰਾਂ, ਹਲਕਾ ਇੰਚਾਰਜਾਂ ਤੇ ਟੀਮ ਸਮੇਤ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਪਿੰਡ ਪੱਧਰ ’ਤੇ ਖੇਡ ਸਟੇਡੀਅਮਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਤਾਂ ਜੋ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਅਜਿਹੀਆਂ ਮਾੜੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ ਤੇ ਸੂਬੇ ਦੀ ਜਵਾਨੀ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ ਤੇ ਪੰਜਾਬ ਅੰਦਰ ਨਸ਼ਾ ਤਸਕਰੀ ਕਰਨ ਵਾਲਿਆਂ ਲਈ ਕੋਈ ਥਾਂ ਨਹੀ ਹੈ, ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਜਿਹੜੇ ਵੀ ਨਾਗਰਿਕ ਗੁੰਮਰਾਹ ਹੋ ਕੇ ਨਸ਼ਿਆਂ ਦੇ ਰੋਗ ਦਾ ਸ਼ਿਕਾਰ ਹੋ ਗਏ ਹਨ, ਉਨ੍ਹਾਂ ਦਾ ਇਲਾਜ ਸੰਭਵ ਹੈ ਅਤੇ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਜਾਵੇ। ਜਿੱਥੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਕਰੁਣ ਗੁਪਤਾ, ਬਸੀ ਪਠਾਣਾਂ ਦੀਪਜੋਤ ਕੌਰ, ਖਮਾਣੋਂ ਅਰਵਿੰਦ ਕੁਮਾਰ ਗੁਪਤਾ, ਆਰ.ਟੀ.ਏ, ਨਮਨ ਮੜਕਨ, ਐਸ.ਪੀ.ਹਰਵੰਤ ਕੌਰ, ਡੀ.ਐਸ.ਪੀ.ਬਸੀ ਪਠਾਣਾਂ ਰਾਜ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਸਪ੍ਰੀਤ ਕੌਰ, ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਸਮੇਤ ਹੋਰ ਆਗੂ ਅਤੇ ਅਧਿਕਾਰੀ ਹਾਜ਼ਰ ਸਨ।