ਬਸੀ ਪਠਾਣਾਂ, 26 ਜੂਨ (ਰਾਜਿੰਦਰ ਸ਼ਰਮਾ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਤੇ ਸਰਕਲ ਚੁੰਨੀ ਕਲਾਂ ਦੇ ਪ੍ਰਧਾਨ ਨੰਬਰਦਾਰ ਮੋਹਨ ਸਿੰਘ ਚੁੰਨ੍ਹੀ ਖ਼ੁਰਦ ਨੇ ਸਥਾਨਕ ਬਿਰਧ ਆਸ਼ਰਮ ਵਿਖੇ ਬਜ਼ੁਰਗਾਂ ਨੂੰ ਫਲ ਫਰੂਟ ਵੰਡਣ ਉਪਰੰਤ ਉਨ੍ਹਾਂ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੋਹਨ ਸਿੰਘ ਚੁੰਨ੍ਹੀ ਨੇ ਕਿਹਾ ਕਿ ਉਹ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਆਪਣੇ ਮਾਪਿਆਂ ਦੇ ਰੂਪ ਵਿਚ ਦੇਖਦੇ ਹਨ ਅਤੇ ਉਹ ਅਸੈਂਬਲੀ ਹਲਕੇ ਦੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨ ਦੀ ਇੱਛਾ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਵਸ ਹੈ ਅਤੇ ਉਹ ਸ਼ਹੀਦੀ ਦਿਵਸ ਬਜ਼ੁਰਗਾਂ ਦਾ ਸਨਮਾਨ ਕਰਕੇ ਮਨਾ ਰਹੇ ਹਨ, ਕਿਉਂਕਿ ਬਾਬਾ ਬੰਦਾ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦਾ ਬਦਲਾ ਚੱਪੜਚਿੜੀ ਦੇ ਮੈਦਾਨ ਵਿਚ ਖ਼ਾਲਸੇ ਦੀ ਫ਼ੌਜਾਂ ਨਾਲ ਮੁਗ਼ਲ ਸ਼ਾਸਕ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਾਰ ਕੇ ਲਿਆ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਵਸ ’ਤੇ ਸਾਨੂੰ ਹਮੇਸ਼ਾ ਸੱਚ ਦੇ ਮਾਰਗ ’ਤੇ ਚੱਲ ਕੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਨਵਦੀਪ ਸਿੰਘ, ਪਰਮਵੀਰ ਸਿੰਘ ਚੁੰਨ੍ਹੀ ਖ਼ੁਰਦ, ਐਡਵੋਕੇਟ ਜਗਦੀਪ ਸਿੰਘ, ਹਰਮੀਤ ਸਿੰਘ ਅਤੇ ਮੈਨੇਜਰ ਰਾਹੁਲ ਆਦਿ ਵੀ ਹਾਜ਼ਰ ਸਨ।