ਮੰਡੀ ਗੋਬਿੰਦਗੜ੍ਹ, 26 ਜੂਨ (ਇਕਬਾਲਦੀਪ ਸੰਧੂ)-ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿਚ ਪ੍ਰਧਾਨ, ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀਆਂ ਚੋਣਾਂ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਅੱਜ ਇਕ ਪੈੱਸ ਕਾਨਫ਼ਰੰਸ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਗੰਭੀਰ ਦੋਸ਼ ਲਗਾਏ। ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਇਸ ਚੋਣ ਦੌਰਾਨ ਪਾਰਦਰਸ਼ਤਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਅਤੇ ਇਕਪਾਸੜ ਫ਼ੈਸਲੇ ਨਾਲ ਲੋਕਤੰਤਰ ਦਾ ਘਾਣ ਕੀਤਾ ਗਿਆ। ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਅਧਿਕਾਰੀਆਂ ਨੇ ਨਗਰ ਕੌਂਸਲ ਚੋਣਾਂ ਦੌਰਾਨ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਵਿਰੋਧੀ ਧਿਰ ਕੋਲ ਬਹੁਮਤ ਹੋਣ ਦੇ ਬਾਵਜੂਦ, ਉਨ੍ਹਾਂ ਦੀਆਂ ਵੋਟਾਂ ਦੀ ਗਿਣਤੀ ਨਹੀਂ ਕੀਤੀ ਗਈ ਅਤੇ ਸਿਰਫ਼ 15 ਮਿੰਟਾਂ ਦੇ ਅੰਦਰ, ਪ੍ਰਧਾਨ, ਉਪ-ਪ੍ਰਧਾਨ ਅਤੇ ਸੀਨੀਅਰ ਉਪ-ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਵਿਚ ਹੇਰਾਫੇਰੀ ਕਰਨ ਲਈ ਕੌਂਸਲ ਮੈਂਬਰਾਂ ਦੇ ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ। ਮੀਡੀਆ ਕਰਮਚਾਰੀਆਂ ਨੂੰ ਵੀ ਅੰਦਰ ਜਾਣ ਤੋਂ ਰੋਕਿਆ ਗਿਆ, ਜੋ ਕਿ ਲੋਕਤੰਤਰ ਦੇ ਚੌਥੇ ਥੰਮ੍ਹ ਤੇ ਸਿੱਧਾ ਹਮਲਾ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਸ਼ੁਰੂ ਤੋਂ ਹੀ ਹੇਰਾਫੇਰੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਭਾਜਪਾ ਆਗੂਆਂ ਨੇ ਪੂਰੀ ਪ੍ਰਕਿਰਿਆ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਜਿਹੀਆਂ ਕਾਰਵਾਈਆਂ ਲੋਕਤੰਤਰੀ ਪ੍ਰਣਾਲੀ ਵਿਚ ਜਨਤਾ ਦੇ ਵਿਸ਼ਵਾਸ ਨੂੰ ਸੱਟ ਮਾਰਨ ਵਾਲੀਆਂ ਹਨ। ਉਨ੍ਹਾਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਮੰਡੀ ਗੋਬਿੰਦਗੜ੍ਹ ਵਿਚ ਇਕ ਆਜ਼ਾਦ ਨਿਰੀਖਕ ਦੀ ਨਿਗਰਾਨੀ ਹੇਠ ਗੁਪਤ ਵੋਟਿੰਗ ਰਾਹੀਂ ਨਿਰਪੱਖ ਮੁੜ ਚੋਣਾਂ ਕਰਵਾਈਆਂ ਜਾਣ, ਜਿੱਥੇ ਸਾਰੇ ਵਿਰੋਧੀ ਕੌਂਸਲਰਾਂ ਦੀਆਂ ਆਵਾਜ਼ਾਂ ਸੁਣੀਆਂ ਜਾਣ ਅਤੇ ਫ਼ੈਸਲਾ ਲਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਇਸ ਬੇਇਨਸਾਫ਼ੀ ਵਿਰੁੱਧ ਚੁੱਪ ਨਹੀਂ ਰਹਿਣਗੇ ਅਤੇ ਇਸ ਮੁੱਦੇ ਨੂੰ ਰਾਜ ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ ਸਮੇਤ ਹਰ ਢੁਕਵੇਂ ਮੰਚ ’ਤੇ ਉਠਾਉਣਗੇ। ਭਾਜਪਾ ਦੇ ਸੂਬਾ ਸਕੱਤਰ ਇੰਜੀਨੀਅਰ ਕੰਵਰਵੀਰ ਸਿੰਘ ਟੌਹੜਾ ਨੇ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਤੇ ਹੋਰਨਾਂ ਅਹੁਦਿਆਂ ਲਈ ਚੋਣ ਲੋਕਤੰਤਰ ਦਾ ਕਤਲ ਹਨ। ਪੂਰੀ ਚੋਣ ਪ੍ਰਕਿਰਿਆ ਸਿਰਫ਼ 15 ਮਿੰਟਾਂ ਵਿਚ ਪੂਰੀ ਹੋ ਗਈ ਅਤੇ ਕੌਂਸਲਰਾਂ ਨੂੰ ਕੱਢ ਦਿੱਤਾ ਗਿਆ। ਸਾਰੇ ਵਿਰੋਧੀ ਕੌਂਸਲਰਾਂ ਦੇ ਮੋਬਾਈਲ ਫ਼ੋਨ ਜ਼ਬਤ ਕਰ ਲਏ ਗਏ ਅਤੇ ਉਨ੍ਹਾਂ ਦੀਆਂ ਜੇਬਾਂ ਦੀ ਤਲਾਸ਼ੀ ਲਈ ਗਈ, ਜਿਵੇਂ ਕਿ ਉਹ ਕੌਂਸਲਰਾਂ ਦੀ ਬਜਾਏ ਅਪਰਾਧੀ ਹੋਣ। ਭਾਜਪਾ ਕੌਂਸਲਰ ਪੁਨੀਤ ਗੋਇਲ ਨੇ ਕਿਹਾ ਕਿ ਇਸ ਸਰਕਾਰ ਦਾ ਇਰਾਦਾ ਸ਼ੁਰੂ ਤੋਂ ਹੀ ਚੋਣਾਂ ਵਿਚ ਧਾਂਦਲੀ ਕਰਨਾ ਰਿਹਾ ਹੈ। ਜਿਸ ਦਾ ਨਤੀਜਾ ਅੱਜ ਦੇਖਣ ਨੂੰ ਮਿਲਿਆ। ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਦੇਵੀ ਦਿਆਲ ਪਰਾਸ਼ਰ ਨੇ ਕਿਹਾ ਕਿ ਇਹ ਦਿਨ ਮੰਡੀ ਗੋਬਿੰਦਗੜ੍ਹ ਦੇ ਇਤਿਹਾਸ ਵਿਚ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਭਾਜਪਾ ਹਾਈ ਕਮਾਂਡ ਅਤੇ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਅਤੇ ਮੁੜ ਚੋਣ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ, ਹਰੀਸ਼ ਅਗਰਵਾਲ, ਮੰਡਲ ਪ੍ਰਧਾਨ ਦੱਖਣੀ ਰਾਜੀਵ ਵਰਮਾ, ਮੰਡਲ ਪ੍ਰਧਾਨ ਉੱਤਰੀ ਸੰਨੀ ਗੋਇਲ, ਰਾਜਨ ਕੱਕੜ, ਜਗਮੋਹਨ ਸ਼ਰਮਾ, ਤਰਲੋਚਨ ਸਿੰਘ ਲਾਲੀ, ਗੁਰਬਖਸ਼ ਸਿੰਘ ਬਖਸ਼ੀ, ਸ਼ਿਆਮ ਸੁੰਦਰ ਭਾਰਦਵਾਜ, ਵਿੱਕੀ ਰਾਏ, ਮਨਦੀਪ ਸਿੰਘ ਮੰਨਾ, ਅਮਰਿੰਦਰ ਸਿੰਘ ਮਾਕਨ, ਯਸ਼ ਵਰਮਾ, ਅਤੇ ਹੋਰ ਮੌਜੂਦ ਸਨ।