ਫ਼ਤਹਿਗੜ੍ਹ ਸਾਹਿਬ, 30 ਜੂਨ (ਬਲਜਿੰਦਰ ਸਿੰਘ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਕਿਲ੍ਹਾ ਰਾਏਪੁਰ ਲੁਧਿਆਣਾ ਵਿਖੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਲੋਂ ਪੂਰਨ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਤੋਂ ਪਹਿਲਾਂ ਬਾਬਾ ਬਲਬੀਰ ਸਿੰਘ 96 ਕਰੋੜੀ ਦਾ ਸਮੂਹ ਸਥਾਨਕ ਸੰਗਤਾਂ ਵਲੋਂ ਨਿੱਘਾ ਭਰਵਾ ਸੁਆਗਤ ਕੀਤਾ ਗਿਆ। ਬੁੱਢਾ ਦਲ ਦੇ ਮੈਨੇਜਰ ਪਰਮਜੀਤ ਸਿੰਘ ਬਾਜਵਾ ਨੇ ਵਲੋਂ ਜਾਰੀ ਇਕ ਲਿਖਤੀ ਪੈੱ੍ਰਸ ਬਿਆਨ ਵਿਚ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸਮਾਗਮ ਦੌਰਾਨ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦੇਂਦਿਆਂ ਕਿਹਾ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਵਿਚ ਮੀਰੀ-ਪੀਰੀ ਦੇ ਸੁਮੇਲ ਨੂੰ ਪ੍ਰਤੱਖ ਰੂਪ ਵਿਚ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸਤਿਕਾਰ ਅਤੇ ਸਵੈਮਾਨ ਦੀ ਭਾਵਨਾ ਨੂੰ ਕਾਇਮ ਰੱਖਣ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਸਦੀਵੀ ਤੌਰ ਤੇ ਉਜਾਗਰ ਕਰਨ ਲਈ ਭਗਤੀ ਦੇ ਨਾਲ ਸ਼ਕਤੀ ਦੀ ਵਰਤੋਂ ਤੇ ਜ਼ੋਰ ਦਿੱਤਾ। ਇਸ ਸਮੇਂ ਰਾਗੀਆਂ, ਕਵੀਆਂ, ਢਾਡੀ ਜਥਿਆਂ ਨੇ ਗੁਰਬਾਣੀ ਤੇ ਸਿੱਖ ਇਤਿਹਾਸ ਸੰਗਤਾਂ ਨਾਲ ਨੇ ਸਾਂਝਾ ਕੀਤਾ। ਇਸ ਸਮੇਂ ਬਾਬਾ ਬਲਬੀਰ ਸਿੰਘ 96 ਕਰੋੜੀ ਨੂੰ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਬਾਬਾ ਗੁਰਮੁਖ ਸਿੰਘ, ਨਿੱਕਾ ਸਿੰਘ, ਮਲੂਕ ਸਿੰਘ ਲਾਡੀ, ਪਰਮਜੀਤ ਸਿੰਘ ਮਹਾਂਕਾਲ, ਗੁਰਸ਼ੇਰ ਸਿੰਘ, ਲਛਮਣ ਸਿੰਘ, ਜਗਤਾਰ ਸਿੰਘ, ਲਵਲੀ ਸਿੰਘ, ਚਤਰ ਸਿੰਘ, ਬਲਕਾਰ ਸਿੰਘ, ਨਿਰਭੈਅ ਸਿੰਘ, ਸੁਖਦੇਵ ਸਿੰਘ ਮਹਾਂਕਾਲ, ਸਰਬਜੀਤ ਸਿੰਘ ਡੀ.ਸੀ, ਮਾਨ ਸਿੰਘ ਲਿਖਾਰੀ, ਸੁਖਾ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।