ਫ਼ਤਹਿਗੜ੍ਹ ਸਾਹਿਬ, 10 ਜੁਲਾਈ (ਬਲਜਿੰਦਰ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ (ਪਾਵਰਕਾਮ ਤੇ ਟਰਾਂਸਕੋ) ਡਵੀਜ਼ਨ ਸਰਹਿੰਦ ਦੀ ਮਹੀਨਾਵਾਰ ਮੀਟਿੰਗ ਰਛਪਾਲ ਸਿੰਘ ਡਵੀਜ਼ਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ, 2.59 ਦਾ ਫੈਕਟਰ, 23 ਸਾਲਾਂ ਇੰਕਰੀਮੈਂਟ, ਕੈਸਲਸ਼ ਸਕੀਮ ਲਾਗੂ ਕਰਨਾ, 200 ਰੁਪਏ ਪ੍ਰਤੀ ਮਹੀਨਾ ਕੱਟਿਆ ਜਾ ਰਿਹਾ, ਜਜ਼ੀਆ ਟੈਕਸ ਬੰਦ ਕਰਨਾ ਆਦਿ ਮੰਗਾਂ ਮੰਨਣ ਤੋਂ ਇਨਕਾਰੀ ਹੋਣ ਲਈ ਅਦਾਲਤ ਦਾ ਸਹਿਯੋਗ ਲੈਣ ਲਈ ਪਟੀਸ਼ਨ ਦਾਖਲ ਕਰਕੇ ਮੁਲਾਜ਼ਮ ਪੈਨਸ਼ਨਰਜ਼ ਵਿਰੋਧੀ ਰੋਲ ਨਿਭਾਅ ਰਹੀ ਹੈ ਅਤੇ ਦੂਜੇ ਪਾਸੇ ਮੁਫ਼ਤ ਸਕੀਮਾਂ ਲਾਗੂ ਕਰਕੇ ਲੋਕਾਂ ਨੂੰ ਮੰਗਤੇ ਬਣਾ ਕੇ ਪੰਜਾਬ ਨੂੰ ਆਰਥਿਕ ਤੌਰ ’ਤੇ ਕੰਗਾਲ ਕਰ ਰਹੀ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮ ਪੈਨਸ਼ਨਰਜ਼ ਵਿਰੋਧੀ ਅੜੀਅਲ ਵਤੀਰੇ ਦੀ ਨਿੰਦਿਆ ਕਰਦਿਆਂ ਅਮਰੀਕ ਸਿੰਘ, ਗੁਰਚਰਨ ਸਿੰਘ, ਨਰਿੰਦਰ ਕੁਮਾਰ, ਮੇਹਰ ਸਿੰਘ, ਗੁਰਪਾਲ ਸਿੰਘ, ਜਰਨੈਲ ਸਿੰਘ, ਜਸਪਾਲ ਸਿੰਘ ਰੋਪੜ ਥਰਮਲ ਪਲਾਂਟ ਆਦਿ ਬੁਲਾਰਿਆਂ ਨੇ ਭਵਿੱਖ ਵਿਚ ਹੋਣ ਵਾਲੀਆਂ ਪੰਜਾਬ ਅਸੈਂਬਲੀ ਚੋਣਾਂ ’ਚ, ਮਾਨ ਸਰਕਾਰ ਨੂੰ ਚੱਲਦਾ ਕਰਨ ਦੀ ਵਚਨਬੱਧਤਾ ਪ੍ਰਗਟਾਈ। ਮੰਚ ਸਕੱਤਰ ਦੀ ਜ਼ਿੰਮੇਵਾਰੀ ਮਹਿੰਦਰਪਾਲ ਸਿੰਘ ਡਵੀਜ਼ਨ ਸਕੱਤਰ ਨੇ ਨਿਭਾਈ। ਅਖੀਰ ਵਿਚ ਰਛਪਾਲ ਸਿੰਘ ਪ੍ਰਧਾਨ ਡਵੀਜ਼ਨ ਸਰਹਿੰਦ ਨੇ ਮੀਟਿੰਗ ਵਿਚ ਸ਼ਾਮਿਲ ਸਮੂਹ ਮੈਂਬਰਾਨ ਦਾ ਧੰਨਵਾਦ ਕਰਦਿਆਂ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਤੇ 29 ਜੁਲਾਈ ਨੂੰ ਸੰਗਰੂਰ ਵਿਖੇ ਦਿੱਤੇ ਜਾ ਰਹੇ ਧਰਨੇ-ਪ੍ਰਦਰਸ਼ਨ ’ਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।