ਖਮਾਣੋਂ, 11 ਜੁਲਾਈ (ਮਨਮੋਹਣ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਹਲਕਾ ਬਸੀ ਪਠਾਣਾਂ ਦੇ ਸੀਨੀਅਰ ਆਗੂ ਤੇ ਪੰਜਾਬ ਐਸ. ਸੀ. ਮੋਰਚਾ ਦੇ ਉਪ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਅਧੀਨ ਕੰਮ ਕਰਨ ਵਾਲੇ ਡੇਲੀਵੇਜ਼ ਜੀ. ਆਰ. ਐਸ. ਕਾਮੇ ਪੰਜਾਬ ਸਰਕਾਰ ਦੇ ਪੁਤਲੇ ਫ਼ੂਕ ਰਹੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਆਗਾਮੀ ਵਿਧਾਨ ਸਭਾ ਚੋਣਾਂ ਜਿੱਤਣ ਲਈ ਦੇਰੀ ਨਾਲ ਸ਼ੁਰੂ ਕੀਤੀ ‘ਮਾਵਾਂ ਧੀਆਂ’ ਸਤਿਕਾਰ ਯੋਜਨਾ ਤਹਿਤ ਵੱਡੇ-ਵੱਡੇ ਫਲੈਕਸ ਬੋਰਡ ਲਗਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਜਦਕਿ ਅਸਲੀਅਤ ਇਹ ਹੈ ਕਿ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਪੈਸੇ ਨਹੀਂ ਹਨ। ਸਿੱਧੂਪੁਰ ਨੇ ਦੱਸਿਆ ਕਿ 6 ਮਹੀਨੇ ਦੀਆਂ ਰੁਕੀਆਂ ਤਨਖ਼ਾਹਾਂ ਦੇਣ ਦੀ ਬਜਾਏ ਤਾਨਾਸ਼ਾਹੀ ਸਰਕਾਰ ਇੰਨਾ ਕਾਮਿਆਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦੇ ਰਹੀ ਹੈ। ਸਿੱਧੂਪੁਰ ਨੇ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਕਰਜ਼ੇ ਦੇ ਸਿਰ ’ਤੇ ਚੱਲ ਰਿਹਾ ਹੈ, ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਕੱਚੇ ਕਾਮਿਆਂ ਨੂੰ ਪੱਕੇ ਤੌਰ ’ਤੇ ਪੰਚਾਇਤੀ ਵਿਭਾਗ ਵਿਚ ਭਰਤੀ ਕਰੇ। ਇਸ ਮੌਕੇ ਗੁਰਚਰਨ ਸਿੰਘ ਫ਼ਤਿਹਪੁਰ ਰਾਈਆਂ, ਹਰਨੇਕ ਸਿੰਘ ਫ਼ੌਜੀ, ਸੁਦਾਗਰ ਸਿੰਘ, ਗੁਰਪ੍ਰੀਤ ਸਿੰਘ ਰਾਜੂ, ਸ਼ਿੰਗਾਰਾ ਸਿੰਘ, ਗੁਰਦੀਪ ਸਿੰਘ, ਐਡ. ਰੌਬਿਨ ਸ਼ਰਮਾ, ਹਰਸ਼ ਗਰਗ, ਗੁਰਨਾਮ ਸਿੰਘ ਸਾਬਕਾ ਸਰਪੰਚ, ਭਗਤ ਰਾਮ ਲੂਲੋ, ਕਰਮ ਸਿੰਘ, ਲਖਵਿੰਦਰ ਸਿੰਘ ਕਮਾਲੀ ਸਾਬਕਾ ਪੰਚਾਇਤ ਸੈਕਟਰੀ, ਰਜਿੰਦਰ ਸਿੰਘ ਹੂਸੈਨਪੁਰਾ ਆਦਿ ਹਾਜ਼ਰ ਸਨ।