ਮੰਡੀ ਗੋਬਿੰਦਗੜ੍ਹ, 12 ਜੁਲਾਈ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 2007 ਤੋਂ 2017 ਦਰਮਿਆਨ ਅਕਾਲੀ ਸਰਕਾਰ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਵਿਕਾਸ ਪੱਖੀ ਦੱਸਦਿਆਂ ਪੰਜਾਬ ਦੇ ਲੋਕਾਂ ਨੂੰ ਅਗਲੀ ਸਰਕਾਰ ਮੁੜ ਤੋਂ ਅਕਾਲੀ ਪਾਰਟੀ ਦੀ ਲਿਆਉਣ ਦੀ ਅਪੀਲ ਕੀਤੀ।
ਗੱਲਬਾਤ ਕਰਦਿਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਨੇ ਬੇਮਿਸਾਲ ਬੁਨਿਆਦੀ ਢਾਂਚੇ ਅਤੇ ਭਲਾਈ ਦੇ ਖੇਤਰ ਵਿਚ ਵਾਧਾ ਹੋਇਆ ਸੀ, ਜਿਸ ਵਿਚ ਸੂਬੇ ਭਰ ਦੇ ਹਵਾਈ ਅੱਡਿਆਂ ਦੀ ਉਸਾਰੀ ਬਿਨਾਂ ਰੁਕਾਵਟ ਸਰਕਾਰੀ ਬਿਜਲੀ ਸਪਲਾਈ, ਅਤੇ ਕਿਸਾਨਾਂ ਦੇ ਟਿਊਬਵੈੱਲਾਂ ਲਈ ਮੁਫ਼ਤ ਬਿਜਲੀ ਕੁਨੈਕਸ਼ਨਾਂ ਨੂੰ ਉਸ ਦੌਰ ਦੀਆਂ ਵੱਡੀਆਂ ਪ੍ਰਾਪਤੀਆਂ ਸਨ ਜਦਕਿ ਅਕਾਲੀ ਸਰਕਾਰ ਦੌਰਾਨ ਪੰਜਾਬ ਬਿਜਲੀ ਪੱਖੋਂ ਸਰਪਲੱਸ ਸੂਬਾ ਸੀ, ਜੋ ਕਿ ਮੌਜੂਦਾ ‘ਆਪ’ ਸਰਕਾਰ ਦੀ ਹਾਲਤ ਦੇ ਬਿਲਕੁਲ ਉਲਟ ਹੈ, ਜਿਸ ਨੇ ਸੂਬੇ ਨੂੰ ਬਿਜਲੀ ਸੰਕਟ ਵਿਚ ਧੱਕ ਦਿੱਤਾ ਹੈ ਅਤੇ ਕਿਸਾਨ ਬਿਜਾਈ ਦੇ ਸੀਜ਼ਨ ਦੌਰਾਨ ਲਗਾਤਾਰ ਬਿਜਲੀ ਸਪਲਾਈ ਨੂੰ ਲੈ ਕੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਗ਼ਰੀਬ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਵਾਲੇ ਮੈਡੀਕਲ ਕਾਲਜਾਂ ਦੀ ਸਥਾਪਨਾ, ਸੂਬੇ ਭਰ ਵਿਚ ਵੱਡੇ ਹਸਪਤਾਲਾਂ ਦੀ ਉਸਾਰੀ, ਜਿਸ ਵਿਚ ਬਠਿੰਡਾ ਦਾ ਏਮਜ਼ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਪੰਜਾਬ ਭਰ ਦੇ ਪਿੰਡਾਂ ਵਿਚ ਮੰਡੀਆਂ ਸਥਾਪਿਤ ਕੀਤੀਆਂ, ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ਵ ਕਬੱਡੀ ਕੱਪ ਸ਼ੁਰੂ ਕੀਤਾ ਅਤੇ ਅੰਮ੍ਰਿਤਸਰ ਤੇ ਲੁਧਿਆਣਾ ਵਿਚ ਸਥਾਨਕ ਏ. ਸੀ. ਬੱਸ ਸੇਵਾਵਾਂ ਸ਼ੁਰੂ ਕੀਤੀਆਂ, ਜਦਕਿ ਉਹ ਸੇਵਾਵਾਂ ਬਾਅਦ ਵਿਚ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀਆਂ ਸਨ। ਉਸ ਵੇਲੇ ਤੋਂ ਕਿਸਾਨਾਂ ਲਈ ਟਰੈਕਟਰ ਟੋਲ ਟੈਕਸ ਮੁਆਫ਼ ਕਰਵਾਇਆ ਸੀ ਤੇ ਪੰਜਾਬ ਦੇ ਨੌਜਵਾਨਾਂ ਨੂੰ 20 ਲੱਖ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਸਨ। ਇਸ ਮੌਕੇ ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਜਤਿੰਦਰ ਸਿੰਘ ਚੈਰੀ ਭਾਂਬਰੀ, ਬਾਬਾ ਨਿਸ਼ਾਨ ਸਿੰਘ, ਸੀਨੀਅਰ ਆਗੂ ਸ਼ੈਲੀ ਭਾਂਬਰੀ, ਸੀਨੀਅਰ ਆਗੂ ਗੁਰਤੇਜ ਸਿੰਘ ਖੱਟੜਾ, ਫੋਰਮੈਨ ਬਲਵੀਰ ਸਿੰਘ ਸਿੱਧੂ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਨਾਜ਼ਰ ਸਿੰਘ ਸੰਤ ਨਗਰ, ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ, ਜਥੇਦਾਰ ਸੋਮਨਾਥ ਅਜਨਾਲੀ, ਯੂਥ ਪ੍ਰਧਾਨ ਅਮਨਦੀਪ ਕੁਮਾਰ ਮੌਜੂਦ ਸਨ।
ਸਿਰਫ਼ ਸ਼੍ਰੋਮਣੀ ਅਕਾਲੀ ਦਲ (ਬ) ਹੀ ਪੰਜਾਬ ਦਾ ਵਿਕਾਸ ਮੁੜ ਬਹਾਲ ਕਰ ਸਕਦਾ ਹੈ-ਰਾਜੂ ਖੰਨਾ
ਅਜੀਤ ਡੈਸਕ
13-07-2026