ਫ਼ਤਹਿਗੜ੍ਹ ਸਾਹਿਬ, 12 ਜੁਲਾਈ (ਬਲਜਿੰਦਰ ਸਿੰਘ)-ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਮੁਹਿੰਮ ਤਹਿਤ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਾਰੇ 544 ਪੋਲਿੰਗ ਬੂਥਾਂ ’ਤੇ ਦੋ ਦਿਨਾਂ ਵਿਸ਼ੇਸ਼ ਕੈਂਪ ਲਗਾਏ ਗਏ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਨੁਮਿਰੇਸ਼ਨ ਫਾਰਮਾਂ ਦੀ ਡਿਜੀਟਾਇਜੇਸ਼ਨ ਦਾ ਕੰਮ ਕਰੀਬ 61 ਫ਼ੀਸਦੀ ਤੋਂ ਵੱਧ ਮੁਕੰਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਯੋਗ ਵੋਟਰਾਂ ਦੇ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਤੇ ਸੁਵਿਧਾਜਨਕ ਬਣਾਉਣਾ ਹੈ। ਇਸ ਮੌਕੇ ਐਸ. ਡੀ. ਐਮ. ਬਸੀ ਪਠਾਣਾਂ ਦੀਪਜੋਤ ਕੌਰ ਨੇ ਹਲਕਾ ਬਸੀ ਪਠਾਣਾਂ ਦੇ ਵੱਖ-ਵੱਖ ਪੋਲਿੰਗ ਬੂਥਾਂ ’ਤੇ ਲੱਗੇ ਵਿਸ਼ੇਸ਼ ਕੈਂਪਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਉਥੇ ਮੌਜੂਦ ਬੂਥ ਲੈਵਲ ਅਫ਼ਸਰਾਂ ਨਾਲ ਗੱਲਬਾਤ ਕਰਦਿਆਂ ਲੋੜੀਂਦੀਆਂ ਹਦਾਇਤਾਂ ਵੀ ਦਿੱਤੀਆਂ। ਇਸੇ ਲੜੀ ਤਹਿਤ ਹਲਕਾ ਅਮਲੋਹ ਦੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਕਾਸ ਸ਼ਰਮਾ ਨੇ ਵੀ ਵੱਖ-ਵੱਖ ਪੋਲਿੰਗ ਬੂਥਾਂ ’ਤੇ ਲੱਗੇ ਵਿਸ਼ੇਸ਼ ਕੈਂਪਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਬੀ. ਐਲ. ਓਜ਼ ਪੂਰੀ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ਅਤੇ ਵੋਟਰਾਂ ਨੂੰ ਗਣਨਾ ਫਾਰਮ ਭਰਨ ਤੇ ਜਮ੍ਹਾਂ ਕਰਵਾਉਣ ਵਿਚ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਨਿਚਰਵਾਰ ਅਤੇ ਐਤਵਾਰ ਨੂੰ ਦੋਵੇਂ ਦਿਨ ਜ਼ਿਲ੍ਹੇ ਵਿਸ਼ੇਸ਼ ਕੈਂਪਾਂ ਦੌਰਾਨ ਸਾਰੇ ਨਿਰਧਾਰਿਤ ਪੋਲਿੰਗ ਬੂਥਾਂ ’ਤੇ ਬੀ. ਐਲ. ਓ. ਮੌਜੂਦ ਰਹੇ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜੇਕਰ ਕਿਸੇ ਵੋਟਰ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਹੈ ਤਾਂ ਉਹ ਆਪਣੇ ਸੰਬੰਧਿਤ ਬੂਥ ਲੈਵਲ ਅਫ਼ਸਰ ਨਾਲ ਤੁਰੰਤ ਸੰਪਰਕ ਕਰਨ ਤਾਂ ਜੋ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ।
ਜ਼ਿਲ੍ਹੇ ਵਿਚ ਇਨੁਮੀਰੇਸ਼ਨ ਫਾਰਮਾਂ ਦੀ ਡਿਜੀਟਾਇਜੇਸ਼ਨ ਦਾ ਕੰਮ ਕਰੀਬ 61 ਫ਼ੀਸਦੀ ਤੋਂ ਵੱਧ ਮੁਕੰਮਲ-ਜ਼ਿਲ੍ਹਾ ਚੋਣ ਅਫ਼ਸਰ ਐਸ. ਡੀ. ਐਮ. ਬਸੀ ਪਠਾਣਾਂ ਤੇ ਤਹਿਸੀਲਦਾਰ ਅਮਲੋਹ ਵਲੋਂ ਵੱਖ-ਵੱਖ ਕੈਂਪਾਂ ਦਾ ਜਾਇਜ਼ਾ
ਅਜੀਤ ਡੈਸਕ
13-07-2026