ਖਮਾਣੋਂ, 14 ਜੁਲਾਈ (ਮਨਮੋਹਣ ਸਿੰਘ ਕਲੇਰ)-ਪਿਛਲੇ ਦਿਨੀਂ ਕਿਸਾਨਾਂ ਦੀ ਸਾਲ 2025-26 ਗੰਨਾਂ ਮਿੱਲਾਂ ਦੁਆਰਾ ਖ਼ਰੀਦੇ ਗਏ ਗੰਨੇ ਦੀ ਅਦਾਇਗੀ ਸਰਕਾਰ ਵਲੋਂ ਪੰਦਰਾਂ ਦਿਨ ’ਚ ਕਰ ਦਿੱਤੇ ਜਾਣ ਦੇ ਬਿਆਨ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਆਗੂ ਮੋਹਣ ਸਿੰਘ ਸੈਦਪੁਰਾ ਨੇ ਗੁੰਮਰਾਹਕੁੰਨ ਦੱਸਦਿਆਂ ਕਿਹਾ ਕਿ ਜੇਕਰ ਉਕਤ ਗੰਨਾ ਕਮਿਸ਼ਨਰ ਦੇ ਬਿਆਨ ਮੁਤਾਬਕ ਸਮੇਂ ’ਤੇ ਗੰਨੇ ਦੇ ਪੈਸਿਆਂ ਦੀ ਅਦਾਇਗੀ ਨਹੀਂ ਹੁੰਦੀ ਤਾਂ ਕਿਸਾਨ ਗੰਨਾਂ ਕਮਿਸ਼ਨਰ ਦੇ ਮੋਹਾਲੀ ਸਥਿਤ ਦਫ਼ਤਰ ਦਾ ਘਿਰਾਓ ਕਰਨਗੇ। ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਕਿਸਾਨ ਆਪਣੇ ਵੇਚੇ ਗਏ ਗੰਨੇ ਦੇ ਪੈਸੇ ਗੰਨਾਂ ਮਿੱਲਾਂ ਤੋਂ ਮੰਗ ਰਹੇ ਹਨ। ਜਦੋਂਕਿ ਅਸਲੀਅਤ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਗੰਨਾਂ ਮਿੱਲਾਂ ਨੂੰ ਹੀ ਅਦਾਇਗੀ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਕਈ ਵਾਰ ਗੰਨਾ ਕਮਿਸ਼ਨਰ ਨਾਲ ਕਿਸਾਨਾਂ ਦੀਆਂ ਮੀਟਿੰਗਾਂ ਵਿਚ ਉਹ ਜਲਦੀ ਪੈਸੇ ਦਿੱਤੇ ਜਾਣ ਦਾ ਵਾਅਦਾ ਕਰ ਚੁੱਕੇ ਹਨ। ਪ੍ਰੰਤੂ ਕਿਸਾਨਾਂ ਨੂੰ ਕਦੇ ਵੀ ਕੋਈ ਪੈਸਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਬੀਤੇ ਦਿਨ ਅਮਰੀਕ ਸਿੰਘ ਗੰਨਾ ਕਮਿਸ਼ਨਰ ਵਲੋਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਗੰਨੇ ਦੇ ਪੈਸੇ ਪੰਦਰਾਂ ਦਿਨ ਵਿਚ ਦੇਣ ਦਾ ਬਿਆਨ ਦਿੱਤਾ ਗਿਆ ਹੈ। ਇਹ ਵੀ ਉਸੇ ਤਰ੍ਹਾਂ ਝੂਠ ਦਾ ਪੁਲੰਦਾ ਸਾਬਤ ਹੋਣ ਵਾਲਾ ਹੈ, ਜਿਸ ਤਰ੍ਹਾਂ ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਕਿਸਾਨਾਂ ਨੂੰ ਪੈਸੇ ਦੇਣ ਦੀ ਵਾਅਦਾ ਖ਼ਿਲਾਫ਼ੀ ਕਰ ਚੁੱਕੇ ਹਨ। ਜਿਸ ਕਰਕੇ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲੈਂਦੇ ਹੋਏ ਕਮਿਸ਼ਨਰ ਨੂੰ ਆਪਣੇ ਵਾਅਦੇ ’ਤੇ ਖਰਾ ਉੱਤਰਨਾ ਚਾਹੀਦਾ ਹੈ।