ਫ਼ਤਹਿਗੜ੍ਹ ਸਾਹਿਬ, 14 ਜੁਲਾਈ (ਬਲਜਿੰਦਰ ਸਿੰਘ)-ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਫ਼ਤਹਿਗੜ੍ਹ ਸਾਹਿਬ ਵਲੋਂ ਡਾਇਰੈਕਟਰ ਪੰਚਾਇਤ ਵਿਭਾਗ ਨੂੰ ਗਰਾਮ ਪੰਚਾਇਤ ਖ਼ਾਨਪੁਰ ਦੇ ਸਰਪੰਚ ਬਲਜਿੰਦਰ ਸਿੰਘ ਖ਼ਿਲਾਫ਼ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 20 ਅਧੀਨ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇਹ ਸਿਫ਼ਾਰਸ਼ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਫ਼ਤਹਿਗੜ੍ਹ ਸਾਹਿਬ ਜਸਪ੍ਰੀਤ ਕੌਰ ਵਲੋਂ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਨੂੰ ਭੇਜੀ ਗਈ ਹੈ। ਜਾਣਕਾਰੀ ਅਨੁਸਾਰ ਗਰਾਮ ਪੰਚਾਇਤ ਖ਼ਾਨਪੁਰ ਦੇ ਪੰਚ ਮਨਜਿੰਦਰ ਸਿੰਘ ਅਤੇ ਨਰਿੰਦਰ ਕੌਰ ਪੰਚ ਵਲੋਂ ਡੀ.ਡੀ.ਪੀ.ਓ ਦਫ਼ਤਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਕਿ ਮੌਜੂਦਾ ਸਰਪੰਚ ਵਲੋਂ ਕਰੀਬ 10 ਤੋਂ 11 ਮਹੀਨਿਆਂ ਤੋਂ ਗਰਾਮ ਪੰਚਾਇਤ ਦਾ ਕੋਈ ਆਮ ਇਜਲਾਸ ਨਹੀਂ ਬੁਲਾਇਆ ਗਿਆ ਅਤੇ ਨਾ ਹੀ ਪਿੰਡ ਦੇ ਵਿਕਾਸ ਕਾਰਜਾਂ ਸਬੰਧੀ ਕੋਈ ਏਜੰਡਾ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਲਈ ਵੀ ਕੋਈ ਨੋਟਿਸ ਜਾਂ ਏਜੰਡਾ ਜਾਰੀ ਨਹੀਂ ਕੀਤਾ ਗਿਆ। ਸ਼ਿਕਾਇਤ ਕਰਤਾਵਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰਪੰਚ ਅਤੇ ਕੁਝ ਹੋਰ ਮੈਂਬਰ ਪੰਚਾਇਤ ਦੇ ਕੰਮਕਾਜ ਵਿਚ ਮਨਮਰਜ਼ੀ ਕਰ ਰਹੇ ਹਨ ਅਤੇ ਬਾਕੀ ਪੰਚਾਂ ਨੂੰ ਵਿਸ਼ਵਾਸ ਵਿਚ ਨਹੀਂ ਲਿਆ ਜਾ ਰਿਹਾ। ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਕੇ ਸਰਪੰਚ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਸ਼ਿਕਾਇਤ ਦੇ ਆਧਾਰ ’ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵਲੋਂ ਸਰਪੰਚ ਬਲਜਿੰਦਰ ਸਿੰਘ ਨੂੰ ਆਪਣਾ ਪੱਖ ਪੇਸ਼ ਕਰਨ ਲਈ ਵੱਖ-ਵੱਖ ਤਰੀਕਾਂ ’ਤੇ ਨੋਟਿਸ ਜਾਰੀ ਕਰਕੇ ਦਫ਼ਤਰ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ। ਪਰ ਵਿਭਾਗੀ ਜਾਣਕਾਰੀ ਅਨੁਸਾਰ ਵਾਰ-ਵਾਰ ਪੱਤਰ ਭੇਜਣ ਦੇ ਬਾਵਜੂਦ ਵੀ ਸਰਪੰਚ ਜਾਂਚ ਦੌਰਾਨ ਹਾਜ਼ਰ ਨਹੀਂ ਹੋਇਆ ਅਤੇ ਨਾ ਹੀ ਆਪਣਾ ਪੱਖ ਪੇਸ਼ ਕੀਤਾ। ਇਸ ਸਬੰਧੀ ਉਪਲਬਧ ਰਿਕਾਰਡ ਅਤੇ ਸ਼ਿਕਾਇਤ ਕਰਤਾਵਾਂ ਵਲੋਂ ਪੇਸ਼ ਕੀਤੇ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਡੀ.ਡੀ.ਪੀ.ਓ ਜਸਪ੍ਰੀਤ ਕੌਰ ਨੇ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਰਿਪੋਰਟ ਭੇਜ ਕੇ ਗਰਾਮ ਪੰਚਾਇਤ ਖ਼ਾਨਪੁਰ ਦੇ ਸਰਪੰਚ ਬਲਜਿੰਦਰ ਸਿੰਘ ਖ਼ਿਲਾਫ਼ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਅਧੀਨ ਬਣਦੀ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਹੁਣ ਇਸ ਮਾਮਲੇ ਵਿਚ ਅੰਤਿਮ ਫ਼ੈਸਲਾ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਨਿਯਮਾਂ ਅਨੁਸਾਰ ਲਿਆ ਜਾਵੇਗਾ। ਇਹ ਮਾਮਲਾ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕਾਂ ਦੀ ਨਜ਼ਰ ਵਿਭਾਗ ਦੀ ਅਗਲੀ ਕਾਰਵਾਈ ’ਤੇ ਟਿਕੀ ਹੋਈ ਹੈ। ਜਦੋਂ ਇਸ ਮਾਮਲੇ ਸਬੰਧੀ ਸਰਪੰਚ ਬਲਜਿੰਦਰ ਸਿੰਘ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ।