ਫ਼ਤਹਿਗੜ੍ਹ ਸਾਹਿਬ, 14 ਜੁਲਾਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਥੇਦਾਰ ਮਨਮੋਹਨ ਸਿੰਘ ਮਕਾਰੋਂਪੁਰ ਵਲੋਂ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਬਣਾਉਣ ਲਈ ਹਲਕੇ ਵਿਚ ਸਿਆਸੀ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਇਸੇ ਲੜੀ ਤਹਿਤ ਪਿੰਡ ਪੰਮੋਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਮੁਕਾਰੋਂਪੁਰ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ’ਤੇ ਆਧਾਰਿਤ ਫ਼ਿਲਮ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਦਿਖਾਉਣ ਦਾ ਉਪਰਾਲਾ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਜੋੜਨ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਸਤਲੁਜ ਕੰਢੇ ਸਮੂਹ ਸਿੰਘ ਸ਼ਹੀਦਾਂ ਦੀ ਯਾਦ ਵਿਚ ਕੀਤੀ ਗਈ ਅਰਦਾਸ ਵੀ ਇਤਿਹਾਸਕ ਅਤੇ ਪ੍ਰੇਰਣਾਦਾਇਕ ਉਪਰਾਲਾ ਹੈ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਭਾਈ ਜਸਵੰਤ ਸਿੰਘ ਖਾਲੜਾ ਅਤੇ ਸਮੂਹ ਸਿੰਘ ਸ਼ਹੀਦਾਂ ਦੀ ਯਾਦ ਨੂੰ ਹਰ ਪਿੰਡ ਤੇ ਸ਼ਹਿਰ ਵਿਚ ਅਰਦਾਸ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਅਤੇ ਸ਼ਹਾਦਤਾਂ ਤੋਂ ਜਾਣੂ ਹੋ ਸਕੇ। ਇਸ ਮੌਕੇ ਹਰਵਿੰਦਰ ਸਿੰਘ, ਅਵਤਾਰ ਸਿੰਘ, ਤਲਵਿੰਦਰ ਸਿੰਘ, ਨੰਬਰਦਾਰ ਗੁਰਮੀਤ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ ਨੌਲੱਖਾ, ਜਸਵਿੰਦਰ ਸਿੰਘ, ਕਰਨੈਲ ਸਿੰਘ, ਹਰਿੰਦਰ ਸਿੰਘ, ਗੁਰਦੀਪ ਸਿੰਘ, ਅਰਸ਼ਦੀਪ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਨਵਦੀਪ ਸਿੰਘ, ਹਰਭਜਨ ਸਿੰਘ ਸਾਬਕਾ ਡਾਇਰੈਕਟਰ ਮਿਲਕ ਪਲਾਂਟ ਮੋਹਾਲੀ, ਹਰਪ੍ਰੀਤ ਸਿੰਘ ਰੈਲੋਂ, ਸਵਰਨ ਸਿੰਘ ਰੁਪਾਲਹੇੜੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਰਪੰਚ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਜਥੇਦਾਰ ਮਕਾਰੋਂਪੁਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦਾ ਮੈਂਬਰ ਬਣਨ ’ਤੇ ਸਨਮਾਨਿਤ ਵੀ ਕੀਤਾ ਗਿਆ।