ਫ਼ਤਹਿਗੜ੍ਹ ਸਾਹਿਬ, 15 ਜੁਲਾਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਚ ‘ਅਕਾਦਮਿਕ ਵਿਕਾਸ, ਖੋਜ, ਇਨੋਵੇਸ਼ਨ ਅਤੇ ਸੰਸਥਾਗਤ ਵਿਕਾਸ ਲਈ ਫੈਕਲਟੀ ਨੂੰ ਸਸ਼ਕਤ ਬਣਾਉਣਾ’ ਵਿਸ਼ੇ ’ਤੇ ਆਯੋਜਿਤ ਪੰਜ ਰੋਜ਼ਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦੇ ਦੂਜੇ ਤੇ ਤੀਜੇ ਦਿਨ ਉੱਘੇ ਸਿੱਖਿਆ ਵਿਦਵਾਨਾਂ ਅਤੇ ਮਾਹਿਰਾਂ ਵਲੋਂ ਸੈਸ਼ਨ ਨੂੰ ਸੰਬੋਧਨ ਕੀਤਾ ਗਿਆ। ਪ੍ਰੋਗਰਾਮ ਦੇ ਕਨਵੀਨਰ ਤੇ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਨੀਤ ਬਿਲਿੰਗ ਨੇ ਪੇਸ਼ੇਵਾਰ ਨੈਤਿਕਤਾ, ਵਰਕ ਪਲੇਸ ਵਿਵਹਾਰ ਤੇ ਭਾਵਨਾਤਮਕ ਬੁੱਧੀ ਵਿਸ਼ੇ ’ਤੇ ਸੈਸ਼ਨ ਦੌਰਾਨ ਨੈਤਿਕਤਾ, ਪ੍ਰਭਾਵਸ਼ਾਲੀ ਸੰਚਾਰ, ਟਕਰਾਅ ਦੇ ਹੱਲ, ਹਮਦਰਦੀ ਅਤੇ ਸਕਾਰਾਤਮਿਕ ਕਾਰਜ ਸਭਿਆਚਾਰ ਦੀ ਮਹੱਤਤਾ ਉੱਤੇ ਚਾਨਣਾ ਪਾਇਆ। ਪ੍ਰੋ. ਜਸਵੀਰ ਕੌਰ ਚਾਹਲ ਨੇ ਨਵੇਂ ਅਧਿਆਪਨ ਢੰਗਾਂ ਅਧੀਨ ਐਕਟਿਵ ਲਰਨਿੰਗ, ਅਨੁਭਵ-ਆਧਾਰਿਤ ਸਿੱਖਿਆ, ਸਮੱਸਿਆ-ਆਧਾਰਿਤ ਸਿੱਖਿਆ ਅਤੇ ਫਲਿੱਪਡ ਕਲਾਸ-ਰੂਮ ਵਰਗੀਆਂ ਵਿਧੀਆਂ ਰਾਹੀਂ ਵਿਦਿਆਰਥੀ-ਕੇਂਦਰਿਤ ਅਧਿਆਪਨ ਦੀ ਲੋੜ ’ਤੇ ਜ਼ੋਰ ਦਿੱਤਾ। ਡਾ. ਜਸਪ੍ਰੀਤ ਕੌਰ ਮੁਖੀ ਖੇਤੀਬਾੜੀ ਵਿਭਾਗ ਨੇ ਵਿਸਤਾਰ ਗਤੀਵਿਧੀਆਂ, ਭਾਈਚਾਰਕ ਭਾਗੀਦਾਰੀ ਅਤੇ ਟਿਕਾਊ ਵਿਕਾਸ ਟੀਚਿਆਂ ਬਾਰੇ ਵਿਚਾਰ ਸਾਂਝੇ ਕੀਤੇ। ਤੀਜੇ ਦਿਨ ਪ੍ਰੋ. ਦਵਲੀਸ਼ ਰਤਨ ਯੂਨੀਵਰਸਿਟੀ ਕਾਲਜ ਆਫ਼ ਐਜੂਕੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਰਟੀਫਿਸ਼ਲ ਇੰਟੈਲੀਜੈਂਸ ਟੂਲਜ਼ ਦੀ ਵਰਤੋਂ ਰਾਹੀਂ ਅਧਿਆਪਨ, ਖੋਜ ਅਤੇ ਅਕਾਦਮਿਕ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਤਰੀਕੇ ਦੱਸੇ। ਡੀਨ ਰਿਸਰਚ ਪ੍ਰੋ. ਨਵਦੀਪ ਕੌਰ ਨੇ ਖੋਜ ਨੈਤਿਕਤਾ ਤੇ ਅਕਾਦਮਿਕ ਇਮਾਨਦਾਰੀ ਬਾਰੇ ਸਾਹਿੱਤਿਕ, ਪ੍ਰਕਾਸ਼ਨ ਨੈਤਿਕਤਾ ਅਤੇ ਜ਼ਿੰਮੇਵਾਰ ਖੋਜ ਅਭਿਆਸਾਂ ਸਬੰਧੀ ਜਾਣਕਾਰੀ ਦਿੱਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਨੀਰਜ ਕੁਮਾਰ ਨੇ ਉੱਚ ਪੱਧਰੀ ਰਸਾਲਿਆਂ, ਸਕੋਪਸ ਅਤੇ ਵੈੱਬ ਆਫ਼ ਸਾਇੰਸ ਵਿਚ ਖੋਜ-ਪੱਤਰ ਪ੍ਰਕਾਸ਼ਿਤ ਕਰਨ ਲਈ ਮਾਰਗ ਦਰਸ਼ਨ ਦਿੱਤਾ। ਅੰਤਿਮ ਸੈਸ਼ਨ ਵਿਚ ਰਜਿਸਟਰਾਰ ਪ੍ਰੋ. ਤੇਜਬੀਰ ਸਿੰਘ ਨੇ ਇਨੋਵੇਸ਼ਨ, ਉਦਮਤਾ ਅਤੇ ਉਦਯੋਗ-ਅਕਾਦਮਿਕ ਸਹਿਯੋਗ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ।